ਛੋਟਾ ਸਿੰਘ ਵੱਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਧੂਰੀ, 30 ਮਈ (ਮਹੇਸ਼ ਜਿੰਦਲ)– ਨੇੜਲੇ ਪਿੰਡ ਭੁੱਲਰਹੇੜੀ ਦੇ ਪੰਚਾਇਤ ਮੈਂਬਰ ਛੋਟਾ ਸਿੰਘ ਪੁੱਤਰ ਤਿੱਤਰ ਸਿੰਘ ਵੱਲੋਂ ਆਪਣੇ ਪਿੰਡ ਭੁੱਲਰਹੇੜੀ ਤੋਂ ਪਿੰਡ ਮੀਰਹੇੜੀ ਨੂੰ ਜਾਣ ਵਾਲੇ ਕੱਚੇ ਪਹੇ ’ਤੇ ਪੱਕੇ ਨਿਸ਼ਾਨ ਲਾਉਣ ਅਤੇ ਭਰਤ ਪਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਬੀ.ਡੀ.ਪੀ.ਓ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਛੋਟਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਪਹਿਲਾਂ ਵੀ ਭੁੱਖ ਹੜਤਾਲ ਕਰ ਚੁੱਕੇ ਹਨ, ਜਿਸ ਤੋਂ ਬਾਅਦ ਭਾਵੇਂ ਲੰਘੀ 23 ਅਪ੍ਰੈਲ ਨੂੰ ਇਸ ਕੱਚੇ ਪਹੇ ਦੀ ਮਿਣਤੀ ਕਰ ਕੇ ਕੱਚੇ ਨਿਸ਼ਾਨ ਲਾਏ ਗਏ ਸਨ ਪ੍ਰੰਤੂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੱਕੇ ਨਿਸ਼ਾਨ ਲਾਉਣ ਅਤੇ ਭਰਤ ਪਾਉਣ ਦਾ ਕੰਮ ਨੇਪਰੇ ਨਹੀਂ ਚਾੜਿਆ ਗਿਆ। ਇਸ ਸਬੰਧੀ ਉਨਾਂ ਅਨੇਕਾਂ ਬਾਰ ਸਥਾਨਕ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਪ੍ਰੰਤੂ ਕਿਸੇ ਦੇ ਕੰਨੀਂ ਜੰੂ ਨਹੀਂ ਸਰਕੀ। ਜਿਸ ਤੋਂ ਬਾਅਦ ਮਜਬੂਰਨ ਅੱਜ ਉਸ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਭੁੱਖ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸ ਦੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ। ਇਸ ਸਬੰਧੀ ਬੀ.ਡੀ.ਪੀ.ਓ ਪ੍ਰਦੀਪ ਸ਼ਾਰਦਾ ਨਾਲ ਜਦੋਂ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਐਸ.ਡੀ.ਐਮ ਧੂਰੀ ਨੂੰ ਜਾਣੂ ਕਰਾ ਦਿੱਤਾ ਗਿਆ ਹੈ ਅਤੇ 1 ਜੂਨ ਨੂੰ ਮਾਮਲੇ ਨਾਲ ਸੰਬੰਧਿਤ ਦੋਵਾਂ ਧਿਰਾਂ ਨੂੰ ਐਸ.ਡੀ.ਐਮ ਦਫ਼ਤਰ ਵਿਖੇ ਬੁਲਾਇਆ ਗਿਆ ਹੈ।

ਕੈਪਸ਼ਨ- ਭੁੱਖ ਹੜਤਾਲ ’ਤੇ ਬੈਠੇ ਪੰਚਾਇਤ ਮੈਂਬਰ ਛੋਟਾ ਸਿੰਘ