ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ’ਤੇ ਮੁਕੱਦਮਾ ਦਰਜ਼

ਧੂਰੀ,31 ਮਈ (ਮਹੇਸ਼) – ਥਾਣਾ ਸਦਰ ਧੂਰੀ ਵਿਖੇ ਜਾਨਲੇਵਾ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਧਰਮਜੀਤ ਸਿੰਘ ਵਾਸੀ ਘਨੌਰੀ ਦੇ ਬਿਆਨਾਂ ਦੇ ਆਧਾਰ ’ਤੇ ਦਰਜ਼ ਕੀਤੇ ਮੁਕੱਦਮੇ ਅਨੁਸਾਰ ਸੋਮਵਾਰ ਦੀ ਰਾਤ ਕਰੀਬ 8.30 ਵਜੇ ਉਹ ਆਪਣੇ ਚਾਚਾ ਮਹੰਤ ਨਿਹਾਲ ਦਾਸ ਅਤੇ ਛੋਟੇ ਭਰਾ ਕਰਮਜੀਤ ਸਿੰਘ ਨਾਲ ਚਾਚਾ ਮਹੰਤ ਨਿਹਾਲ ਦਾਸ ਦੇ ਖੇਤਾਂ ’ਚ ਗੇੜਾ ਮਾਰਨ ਜਾ ਰਿਹਾ ਸੀ। ਉਸ ਵੇਲੇ ਉਹ ਮੋਟਰ ਸਾਈਕਲ ’ਤੇ ਅੱਗੇ ਜਾ ਰਿਹਾ ਸੀ ਅਤੇ ਉਸ ਦਾ ਚਾਚਾ ਤੇ ਭਰਾ ਪਿੱਛੇ ਕਾਰ ’ਚ ਆ ਰਹੇ ਸੀ ਤਾਂ ਜਦੋਂ ਉਹ ਚਾਚੇ ਦੇ ਖੇਤਾਂ ਨੇੜੇ ਪੁੱਜਾ ਤਾਂ ਜਤਿੰਦਰ ਸਿੰਘ ਉਰਫ਼ ਗੋਲਡੀ ਭਲਵਾਨ, ਗੁਰਮੇਲ ਸਿੰਘ, ਸੁਦਾਗਰ ਸਿੰਘ, ਪਿ੍ਰਥੀ ਸਿੰਘ ਅਤੇ ਜਗਜੀਤ ਸਿੰਘ ਉਰਫ਼ ਜੱਗੀ ਵਾਸੀ ਘਨੌਰੀ ਕਲਾਂ ਨੇ ਉਸ ’ਤੇ ਤੇਜ਼ਧਾਰ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਦੋਂ ਉਸ ਦਾ ਚਾਚਾ ਤੇ ਭਰਾ ਉੱਥੇ ਪੁੱਜੇ ਤਾਂ ਉਕਤ ਵਿਅਕਤੀਆਂ ਨੇ ਉਨਾਂ ਦੀ ਗੱਡੀ ਦੀ ਵੀ ਤੋੜ-ਭੰਨ ਕੀਤੀ। ਉਪਰੰਤ ਉਕਤ ਵਿਅਕਤੀ ਉਸ ਨੂੰ ਉਕਤ ਗੁਰਮੇਲ ਸਿੰਘ ਦੇ ਘਰ ਲੈ ਗਏ, ਜਿੱਥੇ ਉਨਾਂ ਉਸ ਨੂੰ ਅਤੇ ਉਸ ਦੇ ਖੂਨ ਨਾਲ ਲਿੱਬੜੇ ਕੱਪੜਿਆਂ ਨੂੰ ਵੀ ਧੋ ਦਿੱਤਾ ਅਤੇ ਕਹਿਣ ਲੱਗੇ ਕਿ ਉਹ ਵੀਡੀਉ ’ਚ ਇਹ ਕਬੂਲ ਕਰੇ ਕਿ ਉਹ ਆਪਣੀ ਮਰਜ਼ੀ ਨਾਲ ਇਸ ਘਰ ’ਚ ਆਇਆ ਹੈ। ਧਰਮਜੀਤ ਸਿੰਘ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਹ ਤਰਲੇ ਮਿੰਨਤ ਕਰ ਕੇ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਿਆ। ਉਪਰੰਤ ਉਸ ਨੂੰ ਉਸ ਦੇ ਚਾਚਾ ਮਹੰਤ ਨਿਹਾਲ ਦਾਸ ਨੇ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਾਇਆ। ਪੁਲਸ ਵੱਲੋਂ ਉਕਤ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।