ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਕਿਸਾਨ ਦੁਖੀ

ਸੰਗਰੂਰ, 8 ਮਈ (ਸਪਨਾ ਰਾਣੀ)- ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖ਼ਾਦਾਂ ਅਤੇ ਨਕਲੀ ਕੀੜੇਮਾਰ ਦਵਾਈਆਂ ਤੋਂ ਪੀੜਤ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੰੂ ਹਰਕਤ ਵਿਚ ਆਉਣ ਦੀ ਅਪੀਲ ਕੀਤੀ ਹੈ | ਬਲਦੇਵ ਸਿੰਘ ਗਿੱਲ, ਰਣਜੀਤ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਭਵਾਨੀਗੜ੍ਹ ਨੇ ਕਿਹਾ ਹੈ ਕਿ ਮਾਰਕਿਟ ਵਿਚ ਨਕਲੀ ਕੀੜੇਮਾਰ ਦਵਾਈਆਂ, ਬੀਜਾਂ ਅਤੇ ਖਾਦਾਂ ਦੀ ਭਰਮਾਰ ਹੈ ਪਰ ਖੇਤੀਬਾੜੀ ਵਿਭਾਗ ਰਸਮੀ ਕਾਰਵਾਈਆਂ ਤੋਂ ਵਧ ਕੁਝ ਨਹੀਂ ਕਰ ਰਿਹਾ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਸੰਗਰੂਰ ਦੇ ਕਾਰਜਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜਸਵਿੰਦਰਪਾਲ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਪਿੱਛਲੇ ਸਾਲ ਕੀੜੇਮਾਰ ਦਵਾਈਆਂ ਦੇ ਭਰੇ ਗਏ ਨਮੂਨਿਆਂ ਵਿਚੋਂ 10 ਨਮੂਨੇ ਫੇਲ੍ਹ ਆਏ ਹਨ ਜਿਨ੍ਹਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਵਿਰੁੱਧ ਅਦਾਲਤਾਂ ਵਿਚ ਕੇਸ ਚਲਾਉਣ ਲਈ ਪ੍ਰਵਾਨਗੀ ਮੰਗੀ ਗਈ ਸੀ | ਉਨ੍ਹਾਂ ਦੱਸਿਆ ਕਿ 6 ਕੇਸਾਂ ਦੀ ਪ੍ਰਵਾਨਗੀ ਮਿਲ ਚੁੱਕੀ ਹੈ | ਸ੍ਰੀ ਗਰੇਵਾਲ ਨੇ ਦੱਸਿਆ ਕਿ ਖਾਦਾਂ ਦੇ 285 ਨਮੂਨੇ ਭਰੇ ਗਏ ਸਨ ਜਿਨ੍ਹਾਂ ਵਿਚੋਂ 3 ਫੇਲ੍ਹ ਆਏ ਹਨ ਅਤੇ ਇਨ੍ਹਾਂ ਡੀਲਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜਾਂ ਦੇ 1050 ਡੀਲਰ ਹਨ | ਨਵੇਂ ਸੈਂਪਲ ਭਰਨ ਬਾਰੇ ਪੁੱਛੇ ਜਾਣ ਉੱਤੇ ਸ੍ਰੀ ਗਰੇਵਾਲ ਨੇ ਦੱਸਿਆ ਕਿ 15 ਮਈ ਤੋਂ ਬਾਅਦ ਕੀਟਨਾਸ਼ਕਾਂ ਦੇ ਨਮੂਨੇ ਭਰਨੇ ਸ਼ੁਰੂ ਕੀਤੇ ਜਾਣਗੇ |