ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਦੀ ਝੰਡੀ

ਸੰਗਰੂਰ, 8 ਮਈ (ਸਪਨਾ ਰਾਣੀ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2018 ਵਿਚ ਲਈ ਦਸਵੀਂ ਦੀ ਪ੍ਰੀਖਿਆ ਦੇ ਅੱਜ ਐਲਾਨੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ 19741 ਵਿਦਿਆਰਥੀਆਂ ਵਿਚੋਂ 12869 ਨੇ ਪਾਸ ਹੋਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜ਼ਿਲ੍ਹੇ ਨੇ 65.19 ਪਾਸ ਪ੍ਰਤੀਸ਼ਤਤਾ ਨਾਲ ਸੂਬੇ ਵਿਚ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ | ਜ਼ਿਲ੍ਹੇ ਦੇ 31 ਵਿਦਿਆਰਥੀ ਮੈਰਿਟ ਸੂਚੀ ਵਿਚ ਆਏ ਹਨ ਜਿਨ੍ਹਾਂ ਵਿਚੋਂ 24 ਲੜਕੀਆਂ ਹਨ | ਇੱਥੋਂ ਦੇ ਇਕ ਨਿੱਜੀ ਸਕੂਲ ਦੀਆਂ 11 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਮੈਰਿਟ ਸੂਚੀ ਵਿਚ ਆਈਆਂ ਲੜਕੀਆਂ ਨੇ ਸਕੂਲ ਪੁੱਜ ਕੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ | ਇਸ ਸਕੂਲ ਦੀ ਵਿਦਿਆਰਥਣ ਕਸ਼ਿਸ਼ ਗਰਗ ਨੇ 700 ਵਿਚੋਂ 633 ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਕਸ਼ਿਸ਼ ਗਰਗ ਦਾ ਕਹਿਣਾ ਹੈ ਕਿ ਉਹ ਨਾਨ ਮੈਡੀਕਲ ਦੀ ਪੜ੍ਹਾਈ ਕਰ ਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ | ਉਸ ਦੇ ਪਿਤਾ ਸੁਰਿੰਦਰ ਪਾਲ ਦਿੜ੍ਹਬਾ ਅਤੇ ਮਾਤਾ ਟੀਨਾ ਗਰਗ ਫਾਰਮਾਸਿਸਟ ਨੇ ਕਿਹਾ ਕਿ ਸਕੂਲ ਅਧਿਆਪਕਾਂ ਵਲੋਂ ਕਰਵਾਈ ਮਿਹਨਤੀ ਦੀ ਬਦੌਲਤ ਕਸ਼ਿਸ਼ ਗਰਗ ਸਫਲਤਾ ਦੇ ਇਸ ਮੁਕਾਮ ‘ਤੇ ਪਹੁੰਚੀ ਹੈ | ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਪਿੰਡ ਚੌਹਾਨਕੇ ਕੋਠੇ ਦੀ ਵਿਦਿਆਰਥਣ ਗੁਰਬੀਰ ਕੌਰ ਜਿਸ ਨੇ 632 ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਹੈ ਦਾ ਕਹਿਣਾ ਹੈ ਕਿ ਉਹ ਆਰਟਸ ਦੀ ਪੜ੍ਹਾਈ ਕਰ ਕੇ ਅਧਿਆਪਕਾ ਬਣਨਾ ਚਾਹੁੰਦੀ ਹੈ | ਅਰਸਪ੍ਰੀਤ ਕੌਰ ਨੇ 629 ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਜੋਤੀ ਸ਼ਰਮਾ ਨੇ 625 ਅੰਕ, ਗੀਤਿਕਾ ਨੇ 625 ਅੰਕਾਂ, ਦਸਿੰਦਰ ਕੌਰ ਨੇ 624 ਅੰਕ, ਮਨਪ੍ਰੀਤ ਕੌਰ ਨੇ 624 ਅੰਕ, ਅਰਸ਼ਦੀਪ ਕੌਰ ਨੇ 623 ਅੰਕ, ਬੇਅੰਤ ਕੌਰ ਨੇ 621 ਅੰਕ, ਹਰਸ਼ਨਦੀਪ ਕੌਰ ਨੇ 615 ਅੰਕ, ਹਸਨਪ੍ਰੀਤ ਕੌਰ ਨੇ 614 ਅੰਕ, ਹਰਮਨਜੀਤ ਸਿੰਘ ਨੇ 612 ਅੰਕ, ਦਿਵਿਆ ਨੇ 611 ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਹੈ |