ਵਿੱਦਿਆ ਸਾਗਰ ਕਾਲਜ ਵਿੱਚ ਇਨਕਲਾਬ ਦਿਹਾੜਾ ਮਨਾਇਆ

ਧੂਰੀ,7 ਅਪੈ੍ਰਲ (ਮਹੇਸ਼) ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਵਿੱਚ ਸ਼ਹੀਦ ਭਗਤ ਸਿੰਘ ਤੇ ਉਸਦੇ ਕਰਾਂਤੀਕਾਰੀ ਸਾਥੀ ਬੀ.ਕੇ.ਦੱਤ ਵਲੋਂ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਦਿੱਲੀ ਵਿੱਚ ਅੰਗਰੇਜਾਂ ਦੇ ਬੋਲੇ ਕੰਨਾਂ ਨੂੰ ਭਾਰਤੀਆਂ ਦੀ ਰੋਹ ਭਰੀ ਆਵਾਜ਼ ਸੁਣਾਉਣ ਵਾਸਤੇ ਫੋਕਾ ਬੰਬ ਸਿੱਟ ਕੇ ਵੱਡਾ ਧਮਾਕਾ ਕੀਤਾ ਗਿਆ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਘਟਨਾ ਦੀ ਯਾਦ ਵਿੱਚ ਵਿਦਿਆਰਥੀਆਂ ਵਲੋਂ “ਇਨਕਲਾਬ ਦਿਵਸ” ਕਾਲਜ ਦੇ ਚੇਅਰਮੈਨ ਸ੍ਰ: ਹਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਪੂਰੀ ਸ਼ਰਧਾ ਤੇ ਹੁਲਾਸ ਨਾਲ ਮਨਾਇਆ ਗਿਆ। ਅਜ਼ਾਦੀ ਸੰਗਰਾਮ ਵਿੱਚ ਇਹਨਾਂ ਕਰਾਂਤੀਕਾਰੀਆਂ ਦੇ ਪਾਏ ਯੋਗਦਾਨ ਨੂੰ ਦੱਸਦਿਆਂ ਕਾਲਜ ਦੇ ਪਿ੍ਰੰਸੀਪਲ ਡਾ: ਕਲਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਡਾ: ਭੀਮ ਰਾਓ ਅੰਬੇਡਕਰ ਅਧੁਨਿਕ ਭਾਰਤ ਦੇ ਸ਼ਕਤੀਸ਼ਾਲੀ ਤੇ ਖ਼ੁਸ਼ਹਾਲ ਭਾਰਤ ਦੇ ਸੁਪਨਸਾਜ਼ ਸਨ। ਭਗਤ ਸਿਘ ਤੇ ਸਾਥੀਆਂ ਨੇ ਕੇਂਦਰੀ ਅਸੈਂਬਲੀ ਵਿੱਚ ਫੋਕੇ ਬੰਬ ਦਾ ਧਮਾਕਾ ਕਰ ਕੇ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਾ ਕੇ ਬਰਤਾਨਵੀ ਸਰਕਾਰ ਦੀਆਂ ਲੰਦਨ ਤੱਕ ਜੜਾਂ ਹਿਲਾ ਦਿੱਤੀਆਂ ਸਨ। ਵਿਦਰੋਹ ਦੇ ਬਲਦੇ ਭਾਂਬੜਾਂ ਨੂੰ ਬੁਝਾਉਣ ਦੀ ਸੋਚ ਰੱਖ ਕੇ 23 ਮਾਰਚ 1931 ਨੂੰ ਅੰਗਰੇਜਾਂ ਨੇ ਤਿੰਨਾਂ ਸੂਰਮਿਆਂ ਨੂੰ ਫਾਂਸੀ ਚਾੜ ਕੇ ਸ਼ਹੀਦ ਕਰ ਦਿੱਤਾ, ਪਰ ਵਿਦਰੋਹ ਦੀ ਅੱਗ ਹੋਰ ਪ੍ਰਚੰਡ ਹੁੰਦੀ ਗਈ। ਅੱਜ ਅਨੇਕਾਂ ਨੌਜਵਾਨ ਭਗਤ ਸਿੰਘ ਦੇ ਇਨਕਲਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਜੱਦੋਜਹਿਦ ਕਰ ਰਹੇ ਹਨ।

ਕਾਲਜ ਦੇ ਵਿਦਿਆਰਥੀਆਂ ਦੇ ਇਨਕਲਾਬੀ ਗੀਤ ਗਾਉਣ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਮੁੱਖ ਵਿਸ਼ਾ ਭਗਤ ਸਿੰਘ ਤੇ ਉਨਾਂ ਦੀ ਕਰਾਂਤੀਕਾਰੀ ਲਹਿਰ ਨੂੰ ਬਣਾਇਆ ਗਿਆ। ਵਿਦਿਆਰਥੀ ਲੜਕੀਆਂ ਨੇ ਭਗਤ ਸਿੰਘ ਦੀ ਬਚਪਨ ਤੋਂ ਹੀ ਤੇਜ ਬੁੱਧੀ ਤੇ ਅਣਖੀਲੇ ਸੁਭਾਅ ਦਾ ਬਿਆਨ ਕੀਤਾ। ਭਗਤ ਸਿੰਘ ਵਰਗੀਆਂ ਪੱਗਾਂ ਬੰਨਣ ਨਾਲ ਤੇ ਭਗਤ ਸਿੰਘ ਦੀ ਫੋਟੋ ਨੋਟਾਂ ਉੱਤੇ ਛਪਣ ਨਾਲ ਭਗਤ ਸਿੰਘ ਦੇ ਵਾਰਸ ਨਹੀਂ ਬਣਿਆ ਜਾ ਸਕਦਾ। ਵਿਦਿਆਰਥੀ ਮਨਾਂ ਵਿੱਚ ਭਗਤ ਸਿੰਘ ਪ੍ਰਤੀ ਪਿਆਰ, ਸਤਿਕਾਰ ਤੇ ਸ਼ਰਧਾ ਦਾ ਪ੍ਰਟਾਵਾ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ। ਮੁਕਾਬਲਿਆ ਦਾ ਨਤੀਜਾ ਸੀ- ਭਾਸ਼ਣ ਵਿੱਚ ਪਹਿਲਾ ਸਥਾਨ ਰੂਪਿੰਦਰ ਕੌਰ ਡੀ.ਐਲ.ਐਡ.ਦੂਸਰਾ ਅਮਨਪ੍ਰੀਤ ਕੌਰ ਬੀ.ਕਾਮ ਨੇ ਪ੍ਰਾਪਤ ਕੀਤਾ। ਭਗਤ ਸਿੰਘ ਦੇ ਗੀਤ ਗਾਉਣ ਵਿੱਚ, ਪਹਿਲਾ ਸਥਾਨ ਹਰਕਮਲ ਕੌਰ,ਦੂਸਰਾ ਜਸਪ੍ਰੀਤ ਕੌਰ ਦੋਵੇ ਬੀ.ਐਸ.ਸੀ. ਨੇ ਪ੍ਰਾਪਤ ਕੀਤਾ। ਕਵਿਤਾ ਵਿੱਚ ਜਸ਼ਨਦੀਪ ਕੌਰ ਬੀ.ਸੀ.ਏ ਜੇਤੂ ਰਹੀ। ਜੇਤੂ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ।

ਅਸਿਸਟੈਂਟ ਪ੍ਰੋਫੈਸਰ ਜਸਲੀਨ ਕੌਰ, ਮਨਪ੍ਰੀਤ ਗੌੜ,ਰਾਜਵੰਤ, ਹਰਜੀਤ ਕੌਰ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਜੋਕੇ ਦੌਰ ਵਿੱਚ ਪੈਦਾ ਹੋਈਆਂ ਸਮਾਜਕ ਕੁਰੀਤੀਆਂ, ਵਧ ਰਿਹਾ ਭਿ੍ਰਸ਼ਟਾਚਾਰ, ਕਿਸਾਨਾਂ ਮਜ਼ਦੂਰਾਂ ਦਾ ਹੋ ਰਿਹਾ ਮੰਦਾ ਹਾਲ ਆਦਿ ਸਮੱਸਿਆਵਾਂ ਦਾ ਹੱਲ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਨਾਲ ਹੀ ਹੋ ਸਕਦਾ ਹੈ। ਮੈਡਮ ਦਲਜੀਤ ਕੌਰ ਤੇ ਸੰਦੀਪ ਕੌਰ ਨੇ ਸਟੇਜ ਸੰਭਾਲਣ ਦੀ ਡਿਊਟੀ ਬਾਖ਼ੂਬੀ ਨਿਭਾਈ। ਵਿਦਿਆਰਥਣਾਂ ਨੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ।