ਕਣਕ ਦੀ ਆਮਦ ਸ਼ੁਰੂ

ਧੂਰੀ,7 ਅਪ੍ਰੈਲ (ਮਹੇਸ਼) ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪ੍ਰੈਲ ਤੋ ਸ਼ੁਰੂ ਹੋ ਚੁੱਕੀ ਹੈ,ਪਰ ਅਜੇ ਖ਼ਰੀਦ ਕੇਂਦਰ ਅਤੇ ਮੰਡੀਆਂ ‘ਚ ਕਣਕ ਦੀ ਆਮਦ ਨਾ ਹੋਣ ਕਾਰਨ ਇਹ ਖ਼ਾਲੀ ਨਜ਼ਰ ਆ ਰਹੀਆਂ ਹਨ ਪਰ ਅੱਜ ਇੱਥੋਂ ਦੀ ਅਨਾਜ ਮੰਡੀ ਵਿਚ ਕਣਕ ਦੀਆਂ ਢੇਰੀਆਂ ਆਈਆਂ। ਜਿਸ ਨਾਲ ਕਣਕ ਦੀ ਆਮਦ ਸ਼ੁਰੂ ਹੋ ਗਈ। ਇਹ ਕਣਕ ਵਪਾਰੀਆਂ ਨੇ 1740ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦ ਲਈ। ਮਾਰਕੀਟ ਕਮੇਟੀ ਦੇ ਸਕੱਤਰ ਡੀਨਪਾਲ ਅਨੁਸਾਰ ਕਣਕ ਦੀ ਖ਼ਰੀਦ ਸਬੰਧੀ ਰੌਸ਼ਨੀ,ਪਾਣੀ,ਸਾਫ-ਸਫਾਈ ਅਤੇ ਹੋਰ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨ ਨੂੰ ਕਿਹਾ ਕਿ ਉਹ ਕਣਕ ਨੂੰ ਪੂਰੀ ਤਰਾਂ ਸੁਕਾ ਕੇ ਅਨਾਜ ਮੰਡੀ ਵਿਚ ਲਿਆਉਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿੱਲਾ ਪ੍ਰਧਾਨ ਬਚਿੱਤਰ ਸਿੰਘ ਬਾਦਸ਼ਾਹਪੁਰ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਕਣਕ ਦੀ ਵਾਢੀ ਦੇ ਕੰਮ ਵਿਚ ਤੇਜ਼ੀ ਆਵੇਗੀ ਤੇ ਮੰਡੀਆਂ ਕਣਕ ਨਾਲ ਭਰ ਜਾਣਗੀਆਂ। ਇਲਾਕੇ ਦੇ ਕਿਸਾਨਾਂ ਨੇ ਹੱਥੀ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ।