ਐੱਸ. ਜੀ. ਪੀ. ਸੀ. ਵਲੋਂ ਰੱਦ ਕੀਤੀਆਂ ਗਈਆਂ ਨਿਯੁਕਤੀਆਂ ‘ਤੇ ਬਡੂੰਗਰ ਨੇ ਚੁੱਕੇ ਸਵਾਲ

ਪਟਿਆਲਾ – ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਰੱਦ ਕੀਤੀਆਂ ਗਈਆਂ 500 ਤੋਂ ਵੱਧ ਨਿਯੁਕਤੀਆਂ ‘ਤੇ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਸਵਾਲ ਚੁੱਕੇ ਹਨ। ਬਡੂੰਗਰ ਨੇ ਕਿਹਾ ਹੈ ਕਿ ਮੇਰਾ ਪੱਖ ਸੁਣੇ ਬਿਨਾਂ ਹੀ ਲੌਂਗੋਵਾਲ ਵਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਜਿਨ੍ਹਾਂ ਨਿਯੁਕਤੀਆਂ ਨੂੰ ਰੱਦ ਕੀਤਾ ਗਿਆ ਹੈ ਉਹ ਗਰੀਬ ਸਿੱਖ ਪਰਿਵਾਰਾਂ ਨਾਲ ਸੰਬੰਧਤ ਸਨ। ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਮੁਤਾਬਕ ਗੋਬਿੰਦ ਸਿੰਘ ਲੌਂਗੋਵਾਲ ਕਈ ਵਾਰ ਮਰਿਆਦਾ ਭੰਗ ਕਰ ਚੁੱਕੇ ਹਨ।
ਬਡੂੰਗਰ ਨੇ ਕਿਹਾ ਕਿ ਸਿੱਖ ਪੰਥ ਨੂੰ ਇਨ੍ਹਾਂ ਨਿਯੁਕਤੀਆਂ ਤੋਂ ਕੋਈ ਖਤਰਾ ਨਹੀਂ ਹੈ। ਬਡੂੰਗਰ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਲੌਂਗੋਵਾਲ ‘ਤੇ ਡੇਰਿਆਂ ਵਿਚ ਜਾ ਕੇ ਮੱਥੇ ਟੇਕਣ, ਗੁਰਬਾਣੀ ਦੀਆਂ ਤੁਕਾਂ ਤੋੜ-ਮਰੋੜ ਕੇ ਬੋਲਣ ਅਤੇ ਇਸਾਈਆਂ ਦੇ ਸਮਾਗਮ ਵਿਚ ਜਾ ਕੇ ਮੱਥੇ ਟੇਕਣ ਦੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਜੇ ਕੌਮ ਨੂੰ ਖਤਰਾ ਹੈ ਤਾਂ ਇਨ੍ਹਾਂ ਕੰਮਾਂ ਤੋਂ ਖਤਰਾ ਹੈ।
ਉਨ੍ਹਾਂ ਕਿਹਾ ਕਿ ਲੌਂਗੋਵਾਲ ਨੂੰ ਜੇਕਰ ਕੋਈ ਸ਼ੱਕ ਸੀ ਤਾਂ ਉਹ ਟੈਸਟ ਕਰਵਾ ਲੈਂਦੇ ਅਤੇ ਜੇਕਰ ਕੋਈ ਨਿਯੁਕਤੀ ਆਯੋਗ ਨਿਕਲਦੀ ਤਾਂ ਉਸ ਨੂੰ ਨੌਕਰੀ ਤੋਂ ਫਾਰਗ ਕਰਦੇ। ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਿੱਖ ਜੱਜਾਂ ਦੀ ਕਮੇਟੀ ਪਾਸੋ ਹੋਣੀ ਚਾਹੀਦੀ ਹੈ ਅਤੇ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਹਨ।