ਖੰਨਾ ਪੁਲਸ ਵਲੋਂ ਖਤਰਨਾਕ ਗੈਂਗਸਟਰ ਗ੍ਰਿਫਤਾਰ

ਖੰਨਾ-  ਖੰਨਾ ਪੁਲਸ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ, ਜਦੋਂ ਪਿੰਡ ਘੁਢਾਣੀ ਕਲਾਂ ‘ਚ ਪੁਲਸ ਵਲੋਂ ਇਕ ਖਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਮਨਦੀਪ ਸਿੰਘ ਉਰਫ ਡਿੰਕੀ ਪੁੱਤਰ ਜਰਨੈਲ ਸਿੰਘ, ਪਿੰਡ ਗਿੱਲ, ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਜਦੋਂ ਨਾਕੇਬੰਦੀ ਦੌਰਾਨ ਪਿੰਡ ਘੁਢਾਣੀ ਨੇੜੇ ਮਨਦੀਪ ਦੀ ਕਾਰ ਨੂੰ ਰੋਕਿਆ ਤਾਂ ਉਸ ਕੋਲੋਂ 240 ਕੈਪਸੂਲ, ਇਕ ਪਿਸਤੌਲ 32 ਬੋਰ ਸਮੇਤ, 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮਨਦੀਪ ਦੀ ਕਾਰ ਦਾ ਨੰਬਰ ਵੀ ਜਾਅਲੀ ਪਾਇਆ ਗਿਆ।

ਪੁਲਸ ਵਲੋਂ ਛਾਣਬੀਣ ਕਰਨ ‘ਤੇ ਪਤਾ ਲੱਗਿਆ ਕਿ ਮਨਦੀਪ ਸਿੰਘ ਉੱਚ ਕੋਟੀ ਦਾ ਨਾਮੀ ਗੈਂਗਸਟਰ ਹਨ, ਜੋ ਪੰਜਾਬ ਦੇ 3 ਜ਼ਿਲਿਆਂ ਨੂੰ ਵੱਖ-ਵੱਖ ਵਾਰਦਾਤਾਂ ‘ਚ ਲੋੜੀਂਦਾ ਹੈ। ਮਨਦੀਪ ਸਿੰਘ ਨੇ ਪੁਲਸ ਦੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਹ ਉਸ ਦੇ ਸਾਥੀ ਮਨੀਸ਼ ਕੁਮਾਰ, ਪ੍ਰਿੰਸ ਕਮਾਂਡੋ, ਤਰਨਪ੍ਰੀਤ ਸਿੰਘ ਅਤੇ ਮਨਦੀਪ ਕੁਮਾਰ ਜੇਲ ‘ਚ ਬੰਦ ਹਨ, ਜਿਨ੍ਹਾਂ ਨਾਲ ਰਲ ਕੇ ਉਹ ਵਾਰਦਾਤਾਂ ਕਰਦਾ ਰਿਹਾ ਹੈ।

ਇਸ ਤੋਂ ਇਲਾਵਾ ਸਾਲ 2008 ‘ਚ ਪਿੰਡ ਰੂਹਲੀ ਦੇ ਮਨਦੀਪ ਸਿੰਘ ਦਾ ਉਕਤ ਗੈਂਗਸਟਰ ਨੇ ਚਾਕੂ ਮਾਰ ਕੇ ਕਤਲ ਕੀਤਾ ਸੀ। ਸਾਲ 2015 ‘ਚ ਉਹ ਆਪਣੇ ਸਾਥੀ ਪਰਮਿੰਦਰ ਸਿੰਘ, ਰਾਹੁਲ ਅਤੇ ਇਕ ਹੋਰ ਨਾਮਾਲੂਮ ਲੜਕੇ ਨਾਲ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ ਥਾਣਾ ਸਦਰ ਲੁਧਿਆਣਾ ਦੀ ਪੁਲਸ ਵਲੋਂ ਫੜ੍ਹਿਆ ਗਿਆ ਸੀ। ਸਾਲ 2017 ‘ਚ ਪਿੰਡ ਆਲਮਗੀਰ ‘ਚ ਨਸ਼ਾ ਛੁਡਾਊ ਕੇਂਦਰ ‘ਚ ਮਾਰ ਦੇਣ ਦੀ ਨੀਅਤ ਨਾਲ ਵਿਅਕਤੀ ਨਾਲ ਉਸ ਨੇ ਝਗੜਾ ਕੀਤਾ ਸੀ। ਇਸ ਤੋਂ ਇਲਾਵਾ ਵੀ ਉਕਤ ਗੈਂਗਸਟਰ ਨੇ ਕਈ ਵੱਡੇ ਖੁਲਾਸੇ ਕੀਤੇ ਹਨ।