ਸਜ਼ਾ ਦਾ ਐਲਾਨ ਸੁਣਦਿਆ ਪਿਆ ਦੌਰਾ, ਹਸਪਤਾਲ ਜਾ ਕੇ ਮੌਤ

ਮੋਗਾ– ਸਥਾਨਕ ਅਦਾਲਤ ਵਲੋਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਐਲਾਨੇ ਗਏ ਵਿਅਕਤੀ ਨੂੰ ਅਦਾਲਤ ਕੰਪਲੈਕਸ ਦੇ ਬਾਹਰ ਹੀ ਦੌਰਾ ਪੈ ਗਿਆ ਜਿਸ ਦੀ ਬਾਅਦ ਵਿਚ ਹਸਪਤਾਲ ਜਾ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਲ 2014 ਵਿਚ ਪਿੰਡ ਚੂੜ੍ਹ-ਚੱਕ ਦੇ ਵਸਨੀਕ ਜਸਬੀਰ ਸਿੰਘ ਉਰਫ ਕਾਲਾ (50) ਸਾਲ ਨੇ ਘਰ ‘ਚ ਕੰਮ ਕਰਨ ਵਾਲੀ ਮਹਿਲਾ ਦੀ ਸਾਢੇ 13 ਸਾਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਮਾਨਯੋਗ ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਵਿਚ ਚੱਲ ਰਹੀ ਸੀ। ਸ਼ੁੱਕਰਵਾਰ ਨੂੰ ਜੱਜ ਸਾਹਿਬਾਨ ਨੇ ਜਸਬੀਰ ਸਿੰਘ ਕਾਲਾ ਨੂੰ ਜਿਉਂ ਹੀ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ 7 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਤਾਂ ਦੋਸ਼ੀ ਨੂੰ ਅਦਾਲਤ ਕੰਪਲੈਕਸ ਦੇ ਬਾਹਰ ਦੌਰਾ ਪੈ ਗਿਆ। ਜਿਸ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਕਤ ਨੂੰ ਮ੍ਰਿਤਕ ਐਲਾਨ ਦਿੱਤਾ।