ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਆਤਮਹੱਤਿਆ

ਅਬੋਹਰ – ਅਬੋਹਰ-ਸ਼੍ਰੀ ਗੰਗਾਨਗਰ ਰੋਡ ਫਾਟਕ ਤੋਂ ਕੁਝ ਦੂਰੀ ‘ਤੇ ਰਾਮਨਗਰ ਦੇ ਨੇੜੇ ਅੱਜ ਦੁਪਹਿਰ ਬਜ਼ੁਰਗ ਤੇ ਬੀਮਾਰ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਅਤੇ ਪਛਾਣ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਸ਼੍ਰੀ ਗੰਗਾਨਗਰ ਤੋਂ ਬਠਿੰਡਾ ਜਾਣ ਵਾਲੀ ਰੇਲਗੱਡੀ ਜਿਵੇਂ ਹੀ ਰਾਮਨਗਰ ਦੇ ਨੇੜੇ ਪਹੁੰਚੀ ਤਾਂ ਕਰੀਬ 65 ਸਾਲਾ ਅਣਪਛਾਤੇ ਬਜ਼ੁਰਗ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰ ਤੇ ਜੀ. ਆਰ. ਪੀ. ਦੀ ਪੁਲਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਬਜ਼ੁਰਗ ਦੀ ਲਾਸ਼ ਨੂੰ ਪਛਾਣ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ। ਮ੍ਰਿਤਕ ਨੇ ਨੀਲੇ ਰੰਗ ਦੀ ਧਾਰੀਆਂ ਵਾਲੀ ਸ਼ਰਟ ਅਤੇ ਆਸਮਾਨੀ ਰੰਗ ਦਾ ਪਜ਼ਾਮਾ ਪਾਇਆ ਹੋਇਆ ਹੈ ਤੇ ਉਸ ਨੂੰ ਬਾਥਰੂਮ ਵਾਲੀ ਨਾਲੀ ਵੀ ਲਗੀ ਹੋਈ ਸੀ, ਜਿਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਬੀਮਾਰੀ ਕਾਰਨ ਹੀ ਬਜ਼ੁਰਗ ਨੇ ਆਤਮਹੱਤਿਆ ਕੀਤੀ ਹੈ।