ਅਧਿਆਪਕ ਦੀ ਕੁਤਾਹੀ ਕਾਰਨ ਆਈ. ਟੀ. ਆਈ. ‘ਚ ਫੈਲੀ ਸਨਸਨੀ

ਸੰਗਰੂਰ – ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ. ਲੜਕੀਆਂ) ਦੀਆਂ ਸਿਖਿਆਰਥਣਾਂ ‘ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦ ਉਨ੍ਹਾਂ ਦੀ ਸਾਥਣ ਪਟਿਆਲਾ ਵਿਖੇ ਹੋਈਆਂ ਖੇਡਾਂ ਤੋਂ ਵਾਪਸ ਨਾ ਆਈ। ਜਾਣਕਾਰੀ ਮੁਤਾਬਕ ਸੰਸਥਾ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਕਿਉਂਕਿ ਸੰਸਥਾ ਦੀ ਜਿਸ ਟੀਚਰ ਦੀ ਇਨ੍ਹਾਂ ਲੜਕੀਆਂ ਨੂੰ ਖੇਡਾਂ ਵਿਚ ਸ਼ਾਮਲ ਕਰਵਾਉਣ ਦੀ ਨਿਯੁਕਤੀ ਕੀਤੀ ਗਈ ਸੀ, ਉਸ ਨੇ ਲਾਪ੍ਰਵਾਹੀ ਵਰਤਦਿਆਂ ਲੜਕੀਆਂ ਨੂੰ ਆਖ ਦਿੱਤਾ ਕਿ ਉਹ ਆਪਣੇ-ਆਪਣੇ ਸਾਧਨਾਂ ਰਾਹੀਂ ਪਟਿਆਲਾ ਪਹੁੰਚ ਜਾਣ ਅਤੇ ਵਾਪਸ ਆਉਣ ਸਮੇਂ ਵੀ ਇਸੇ ਤਰ੍ਹਾਂ ਆ ਜਾਣ, ਜਿਨ੍ਹਾਂ ਵਿਚੋਂ ਇਕ ਲੜਕੀ ਸਮੇਂ ਸਿਰ ਕਲਾਸ ਵਿਚ ਨਾ ਪਹੁੰਚੀ, ਜਿਸ ਕਾਰਨ ਸੰਸਥਾ ਵਿਚ ਖਲਬਲੀ ਮੱਚ ਗਈ ।

ਅਧਿਆਪਕ ਅਤੇ ਲੜਕੀਆਂ ਇਕ ਦੂਜੇ ਨੂੰ ਸ਼ੱਕੀ ਨਿਗਾਹ ਨਾਲ ਤੱਕਣ ਲੱਗੀਆਂ ਅਤੇ ਕਲਾਸਾਂ ਦਾ ਮਾਹੌਲ ਗਮਗੀਨ ਹੋ ਗਿਆ। ਬੱਚੀ ਦੇ ਮਾਪੇ ਉਥੇ ਆਏ ਤਾਂ ਉਨ੍ਹਾਂ ਨਾਲ ਸੰਸਥਾ ਦੇ ਇੰਚਾਰਜ ਨੇ ਬੰਦ ਕਮਰਾ ਮੀਟਿੰਗ ਕੀਤੀ ਪਰ ਦੇਖਿਆ ਗਿਆ ਕਿ ਮਾਪਿਆਂ ਦੀਆਂ ਅੱਖਾਂ ਵਿਚ ਅਧਿਆਪਕਾਂ ਪ੍ਰਤੀ ਭਾਰੀ ਰੋਸ ਸੀ। ਇਸ ਸਬੰਧੀ ‘ਜਗ ਬਾਣੀ’ ਨੇ ਜਦੋਂ ਆਈ. ਟੀ. ਆਈ. ਦੇ ਇੰਚਾਰਜ ਰਣਜੀਤ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੰਸਥਾ ਦੀ ਕੋਈ ਵੀ ਲੜਕੀ ਲਾਪਤਾ ਨਹੀਂ ਹੋਈ ਹੈ। ਇਹ ਲੜਕੀ ਦੇ ਵਾਰਸ ਜੋ ਆਏ ਹਨ, ਇਨ੍ਹਾਂ ਦੀ ਲੜਕੀ ਅੱਜ ਆਈ. ਟੀ. ਆਈ. ਨਹੀਂ ਆਈ, ਇਸ ਲਈ ਇਹ ਉਸ ਦਾ ਪਤਾ ਕਰਨ ਪੁੱਜੇ ਹਨ।

ਰਣਜੀਤ ਸਿੰਘ ਨੇ ਦੱਸਿਆ ਕਿ ਖੇਡਾਂ ਵਿਚ ਭਾਗ ਲੈਣ ਗਏ ਬੱਚਿਆਂ ਬਾਰੇ ਜਾਣਕਾਰੀ ਉਨ੍ਹਾਂ ਨੂੰ ਪਟਿਆਲਾ ਲੈ ਕੇ ਜਾਣ ਵਾਲੇ ਮੈਡਮ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਰਫਾ-ਦਫਾ ਕਰੋ, ਲੜਕੀ ਆਪਣੇ ਮਾਮੇ ਘਰ ਪਹੁੰਚੀ ਹੋਈ ਹੈ। ਮਾਜਰਾ ਭਾਵੇਂ ਕੁਝ ਵੀ ਹੋਵੇ ਪਰ ਅਜੋਕੇ ਯੁਗ ਵਿਚ ਮਾਪਿਆਂ ਤੋਂ ਬਾਅਦ ਵਿਦਿਆਰਥੀਆਂ ਦੀ ਦੇਖ-ਰੇਖ ਦਾ ਜ਼ਿੰਮਾ ਅਧਿਆਪਕਾਂ ਹੱਥ ਹੁੰਦਾ ਹੈ ਪਰ ਇਸ ਮਾਮਲੇ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਸੰਸਥਾ ਦੇ ਸਟਾਫ ਨੇ ਆਪਣੀ ਨੈਤਿਕਤਾ ਨੂੰ ਸ਼ਿੱਕੇ ਟੰਗਿਆ ਹੈ। ਬੇਸ਼ੱਕ ਬਦਨਾਮੀ ਤੋਂ ਡਰਦੇ ਮਾਪੇ ਅਧਿਆਪਕਾਂ ਨੂੰ ਫਟਕਾਰ ਨਹੀਂ ਲਾ ਸਕਦੇ। ਇਹ ਉਨ੍ਹਾਂ ਦੀ ਮਜਬੂਰੀ ਹੈ ਪਰ ਅਧਿਆਪਕਾਂ ਨੂੰ ਅਜਿਹੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣੀਆਂ ਚਾਹੀਦੀਆਂ ਹਨ।

ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਵਾਈ ਜਾਵੇਗੀ : ਐਡਵੋਕੇਟ ਡੱਲੀ : ਟੀਮ ਸੰਗਰੂਰ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਦਸਵੀਰ ਸਿੰਘ ਡੱਲੀ ਨੇ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਆਪਣੀ ਡਿਊਟੀ ਵਿਚ ਕੁਤਾਹੀ ਕਰਨ ਵਾਲੇ ਅਜਿਹੇ ਅਧਿਆਪਕ ਨੂੰ ਨੌਕਰੀ ਤੋਂ ਲਾਂਭੇ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਹਾਲਾਤਾਂ ਅਨੁਸਾਰ ਕਿਸੇ ਵੀ ਲੜਕੀ ਵੱਲ ਕੀਤੀ ਇਕ ਵੀ ਉਂਗਲੀ ਲੜਕੀ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ। ਉਨ੍ਹਾਂ ਆਖਿਆ ਕਿ ਉਹ ਇਸ ਵਿਸ਼ੇ ਬਾਰੇ ਸੰਸਥਾ ਦੇ ਸਬੰਧਤ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਨਗੇ।