ਸ਼ਰੇਆਮ ਵਿਕ ਰਹੀ ਹੈ ਨਾਜਾਇਜ਼ ਮਾਈਨਿੰਗ ਵਾਲੀ ਰੇਤਾ

ਬਰਨਾਲਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਤਾ ਦੀ ਨਾਜਾਇਜ਼ ਮਾਈਨਿੰਗ ‘ਤੇ ਰੋਕ ਲਾ ਰੱਖੀ ਹੈ। ਪੰਜਾਬ ਦੇ ਸਾਰੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨੂੰ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਅਤੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹੋਏ ਹਨ। ਮੁੱਖ ਮੰਤਰੀ ਵੱਲੋਂ ਸਾਫ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਵਿਚ ਰਾਜਨੀਤਕ ਦਖਲ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਇਸ ਬਿਆਨ ਦੇ ਬਾਅਦ ਨਾਜਾਇਜ਼ ਮਾਈਨਿੰਗ ਜਾਂ ਨਾਜਾਇਜ਼ ਰੇਤਾ ਵੇਚਣ ਦਾ ਕਾਰੋਬਾਰ ਰੁਕਿਆ ਤਾਂ ਨਹੀਂ ਹੈ ਪਰ ਰੇਤਾ ਦੇ ਰੇਟ ਜ਼ਰੂਰ ਆਸਮਾਨ ਨੂੰ ਛੂਹਣ ਲੱਗੇ ਹਨ। ਦਸ ਦਿਨ ਪਹਿਲਾਂ 15 ਰੁਪਏ ਫੁੱਟ ਵਿਕਣ ਵਾਲੀ ਰੇਤਾ ਅੱਜ 33.50 ਰੁਪਏ ਫੁੱਟ ਵਿਕ ਰਹੀ ਹੈ, ਜਿਸ ਕਾਰਨ ਗਰੀਬ ਲਈ ਆਪਣਾ ਆਸ਼ਿਆਨਾ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ। ਰੇਤਾ ਦੀ ਬਲੈਕ ਕਰਨ ਵਾਲਿਆਂ ਦੀ ਚਾਂਦੀ ਹੋ ਗਈ ਹੈ। ਮੁੱਖ ਮੰਤਰੀ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਸ਼ਹਿਰ ਬਰਨਾਲਾ ਵਿਚ ਨਾਜਾਇਜ਼ ਮਾਈਨਿੰਗ ਕੀਤੀ ਗਈ ਰੇਤਾ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਰੇਤਾ ਸਟੋਰ ਕਰਨ ਵਾਲਿਆਂ ਦੇ ਕੋਲ ਕੋਈ ਲਾਇਸੈਂਸ ਨਹੀਂ ਹਨ। ਕੁਝ ਦੁਕਾਨਦਾਰ ਸ਼ਰੇਆਰ ਬਲੈਕ ‘ਚ ਰੇਤ ਵੇਚ ਰਹੇ ਹਨ। ਜ਼ਿਲਾ ਪ੍ਰਸ਼ਾਸਨ ਇਸ ਮਾਮਲੇ ‘ਤੇ ਅੱਖਾਂ ਬੰਦ ਕਰ ਕੇ ਬੈਠਾ ਹੈ। ਰੇਤਾ ਕਿਥੋਂ ਆ ਰਹੀ ਹੈ ਇਸ ਦੇ ਬਾਰੇ ਕੁਝ ਨਹੀਂ ਪੁੱਛ ਰਿਹਾ। ਮਾਈਨਿੰਗ ਵਾਲਾ ਡਿਪਾਰਟਮੈਂਟ ਵੀ ਇਸ ਬਾਰੇ ਕੋਈ ਜਾਣਕਾਰੀ ਇਕੱਠੀ ਨਹੀਂ ਕਰ ਰਿਹਾ। ਬਾਹਰ ਤੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਬਰਨਾਲਾ ਦੇ ਕੁਝ ਦੁਕਾਨਦਾਰਾਂ ਨਾਲ ਟਾਈਅਪ ਹਨ। ਉਨ੍ਹਾਂ ਵੱਲੋਂ ਇਹ ਰੇਤਾ ਉਨ੍ਹਾਂ ਦੀਆਂ ਦੁਕਾਨਾਂ ‘ਤੇ ਪਹੁੰਚਾਈ ਜਾਂਦੀ ਹੈ ਅਤੇ ਇਨ੍ਹਾਂ ਦੁਕਾਨਦਾਰਾਂ ਵੱਲੋਂ ਰੇਤਾ ਮਹਿੰਗੇ ਭਾਅ ‘ਤੇ ਵੇਚ ਕੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਦੀ ਜਾਂਚ ਚੱਲ ਰਹੀ ਹੈ। ਮਾਈਨਿੰਗ ਵਿਭਾਗ ਤੋਂ ਇਸ ਸਬੰਧੀ ਪੁਲਸ ਵੱਲੋਂ ਰਾਇ ਲਈ ਜਾਵੇਗੀ। ਇਸ ਤੋਂ ਬਾਅਦ ਸਾਡੇ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਕ੍ਰਾਂਤੀਕਾਰੀ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਸ਼ਹਿਰ ‘ਚ ਸ਼ਰੇਆਮ ਰੇਤਾ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ, ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਰਨਾਲਾ ‘ਚ ਰੇਤਾ ਦੇ ਭਾਅ ਤੈਅ ਕੀਤੇ ਜਾਣ ਤਾਂ ਕਿ ਕੋਈ ਵੀ ਦੁਕਾਨਦਾਰ ਜ਼ਿਆਦਾ ਰੇਤਾ ਦੀ ਕੀਮਤ ਵਸੂਲ ਨਾ ਕਰ ਸਕੇ।