ਸੈਂਕੜੇ ਕਾਰਕੁੰਨਾਂ ਨੇ ਪਾਵਰਕਾਮ ਦਾ ਮੁੱਖ ਦਫਤਰ ਘੇਰਿਆ

ਪਟਿਆਲਾ  – ਟੈਕਨੀਕਲ ਸਰਵਿਸਿਜ਼ ਯੂਨੀਅਨ, ਥਰਮਲਜ਼ ਕੰਟਰੈਕਟਰ ਵਰਕਰਜ਼ ਕੋ-ਆਰਡੀਨੇਸ਼ਨ ਕਮੇਟੀ, ਪਾਵਰਕਾਮ ਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਕਾਰਕੁੰਨਾਂ ਵੱਲੋਂ ਸਾਂਝੇ ਤੌਰ ‘ਤੇ ਪਾਵਰਕਾਮ ਦਫਤਰ ਦਾ ਘਿਰਾਓ ਕੀਤਾ ਗਿਆ। ਜਥੇਬੰਦੀ ਆਗੂ ਪ੍ਰਮੋਦ ਕੁਮਾਰ, ਕ੍ਰਿਸ਼ਨ ਸਿੰਘ, ਇਕਬਾਲ ਸਿੰਘ, ਜਗਰੂਦ ਸਿੰਘ ਤੇ ਅਸ਼ਵਨੀ ਕੁਮਾਰ ਆਦਿ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ ਤਹਿਤ ਬਿਜਲੀ ਕਾਮਿਆਂ ਉੱਪਰ ਨਿੱਜੀਕਰਨ ਦਾ ਹੱਲ ਵਿੱਢਿਆ ਹੋਇਆ ਹੈ। ਬੋਰਡ ਭੰਗ ਕਰ ਕੇ ਕੰਪਨੀਆਂ ਬਣਾਉਣ ਤੋਂ ਬਾਅਦ ਨਿੱਜੀਕਰਨ ਦੇ ਹੱਲ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਥਰਮਲ ਬੰਦ ਹੋਣ ਨਾਲ ਪੱਕੇ ਰੋਜ਼ਗਾਰ ਦਾ ਉਜਾੜਾ ਹੋਵੇਗਾ ਤੇ ਨਿੱਜੀ ਕੰਪਨੀਆਂ ਦੀ ਇਜਾਰੇਦਾਰੀ ਨਾਲ ਬਿਜਲੀ ਹੋਰ ਮਹਿੰਗੀ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਬੁਲਾਰਿਆਂ ਨੇ ਕਿਹਾ ਕਿ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੱਚੇ ਕਾਮਿਆਂ ਨੂੰ ਲਗਾਤਾਰ ਕੰਮ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਬਠਿੰਡਾ ਥਰਮਲ ਦੇ ਠੇਕਾ ਕਾਮਿਆਂ ਦੇ ਪੱਕੇ ਮੋਰਚੇ ਦੀ ਹਮਾਇਤ ਕੀਤੀ ਤੇ ਸਰਕਾਰੀ ਸ਼ਹਿ ਪ੍ਰਾਪਤ ਗੁੰਡਾ ਅਨਸਰਾਂ ਵੱਲੋਂ ਮੋਰਚੇ ‘ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਤੇ ਸਰਕਾਰ ਮਸਲਿਆਂ ਨੂੰ ਲਮਕਾ ਰਹੀ ਹੈ। ਇਸ ਮੌਕੇ ਕਰਮਜੀਤ ਸਿੰਘ ਵੱਲੋਂ 7 ਮਤੇ ਪੇਸ਼ ਕੀਤੇ ਗਏ, ਜਿਸ ਦਾ ਲੋਕਾਂ ਦੇ ਵਿਸ਼ਾਲ ਜਨ ਸਮੂਹ ਵੱਲੋਂ ਸਮਰਥਨ ਕੀਤਾ ਗਿਆ।