ਪਹਿਲੀ ਅਪ੍ਰੈਲ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫਾਫੇ ਹੋਣਗੇ ਬੰਦ

ਅੰਮ੍ਰਿਤਸਰ  – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ ਇਨ੍ਹਾਂ ਦੀ ਥਾਂ ਮੱਕੀ ਤੇ ਆਲੂਆਂ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਹੋਵੇਗੀ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੀਟਿੰਗ ਕੀਤੀ। ਕਾਹਨ ਸਿੰਘ ਪੰਨੂ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ‘ਚ ਪ੍ਰਦੂਸ਼ਣ ਦੇ ਖ਼ਾਤਮੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੀ ਪਹਿਲੀ ਕੋਸ਼ਿਸ਼ ਪੰਜਾਬ ‘ਚੋਂ ਪਲਾਸਟਿਕ ਦੇ ਲਿਫਾਫੇ ਖ਼ਤਮ ਕਰਨ ਦੀ ਹੈ।  ਉਨ੍ਹਾਂ ਕਿਹਾ ਕਿ ਲਿਫਾਫਿਆਂ ਦੀ ਲੋੜ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਇਸ ਦੀ ਥਾਂ ‘ਤੇ ਹੋਰ ਬਦਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਪਲਾਸਟਿਕ ਦੀ ਥਾਂ ਆਲੂਆਂ ਅਤੇ ਮੱਕੀ ਤੋਂ ਤਿਆਰ ਕੀਤੇ ਗਏ ਗਲਣਸ਼ੀਲ ਲਿਫਾਫੇ ਇਕ ਚੰਗਾ ਬਦਲ ਹੈ।

ਇਨ੍ਹਾਂ ਲਿਫਾਫਿਆਂ ਨੂੰ ਤਿਆਰ ਕਰਨ ਲਈ 4 ਫਰਮਾਂ ਨਾਲ ਗੱਲ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ‘ਚ ਇਸ ਵਿਚ ਹੋਰ ਵਾਧਾ ਕੀਤਾ ਜਾਵੇਗਾ। ਗਲਣਸ਼ੀਲ ਲਿਫਾਫਿਆਂ ਦੀ ਸ਼ੁਰੂਆਤ ਗੁਰੂ ਨਗਰੀ ਤੋਂ 1 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਸਭ ਤੋਂ ਪਹਿਲਾਂ ਇਨ੍ਹਾਂ ਦੀ ਵਰਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਸੁਲੱਖਣ ਸਿੰਘ ਭੰਗਾਲੀ ਮੈਨੇਜਰ, ਸੁਖਮਿੰਦਰ ਸਿੰਘ ਐਕਸੀਅਨ, ਲਖਬੀਰ ਸਿੰਘ ਵਧੀਕ ਮੈਨੇਜਰ, ਗੁਰਿੰਦਰ ਸਿੰਘ ਮਜੀਠੀਆ ਚੀਫ਼ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ, ਹਰਦੀਪ ਸਿੰਘ ਸੀਨੀਅਰ ਵਾਤਾਵਰਣ ਇੰਜੀਨੀਅਰ ਤੇ ਕਮਲਜੀਤ ਸਿੰਘ ਐੱਸ. ਡੀ. ਓ. ਸਮੇਤ ਹੋਰ ਮੌਜੂਦ ਸਨ।