ਕਿਸਾਨਾਂ ਨੇ ਰਸਤਾ ਰੋਕ ਕੇ ਕੀਤਾ ਰੋਸ ਮੁਜ਼ਾਹਰਾ

ਝਬਾਲ   – ਗੱਗੋਬੂਹਾ ਨੇੜੇ ਪਿੰਡ ਪੰਜਵੜ ਦੀ ਜ਼ਮੀਨ ‘ਚ ਬਹਿਕਾਂ ‘ਤੇ ਰਹਿੰਦੇ ਕਿਸਾਨਾਂ ਦੇ ਘਰਾਂ ਨੂੰ ਜਾਂਦਾ ਰਸਤਾ ਜਿਸ ਨੂੰ ਪੰਚਾਇਤ ਵੱਲੋਂ ਇੱਟਾਂ ਲਾ ਕੇ ਪੱਕਾ ਕੀਤਾ ਗਿਆ ਹੈ, ਉਪਰੋਂ ਪਿਛਲੇ ਕੁਝ ਦਿਨਾਂ ਤੋਂ ਠੇਕੇ ‘ਤੇ ਲਈ ਜ਼ਮੀਨ ‘ਚੋਂ ਮਿੱਟੀ ਪੁੱਟ ਕੇ ਅਤੇ ਕੱਚੀਆਂ ਇੱਟਾਂ ਲੱਦ ਕੇ ਲਿਜਾਂਦੇ ਪੀਟਰ ਰੇਹੜਿਆਂ ਦੇ ਲੰਘਣ ਕਾਰਨ ਰਸਤਾ ਖਰਾਬ ਹੋ ਰਿਹਾ ਹੈ। ਅੱਜ  ਕਿਸਾਨਾਂ ਨੇ ਇਕੱਤਰ ਹੋ ਕੇ ਇਨ੍ਹਾਂ ਗੈਰ-ਕਾਨੂੰਨੀ ਚੱਲ ਰਹੇ ਪੀਟਰ ਰੇਹੜਿਆਂ ਨੂੰ ਰੋਕਣ ਲਈ ਰਸਤਾ ਰੋਕ ਕੇ ਰੋਸ ਮੁਜ਼ਾਹਰਾ ਕੀਤਾ।

ਇਸ ਸਮੇਂ ਇਕੱਤਰ ਹੋਏ ਕਿਸਾਨਾਂ ਦਲਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਬਿੰਦਰ ਸਿੰਘ, ਰਾਜਭੁਪਿੰਦਰ ਸਿੰਘ, ਸੁਖਦੇਵ ਸਿੰਘ, ਗੁਰਸ਼ੇਰ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ ਤੇ ਸਾਹਿਬਦੀਪ ਸਿੰਘ ਆਦਿ ਨੇ ਕਿਹਾ ਕਿ ਇਹ ਰਸਤਾ ਪੰਚਾਇਤ ਨੇ ਕਿਸਾਨਾਂ ਦੇ ਲੰਘਣ ਲਈ ਇੱਟਾਂ ਲਾ ਕੇ ਬਣਾਇਆ ਹੈ ਪਰ ਇਹ ਮਿੱਟੀ ਨਾਲ ਲੱਦੇ ਪੀਟਰ ਰੇਹੜਿਆਂ ਕਾਰਨ ਜਿਥੇ ਟੁੱਟ ਰਿਹਾ ਹੈ, ਉਥੇ ਛੋਟਾ ਹੋਣ ਕਾਰਨ ਕਿਸੇ ਵੇਲੇ ਕੋਈ ਹਾਦਸਾ ਵਾਪਰ ਸਕਦਾ ਹੈ। ਦੂਸਰੇ ਪਾਸੇ ਭੱਠੇ ਵਾਲਿਆਂ ਲਈ ਮਿੱਟੀ ਲੈ ਕੇ ਜਾ ਰਹੇ ਪੀਟਰ ਰੇਹੜਿਆਂ ਵਾਲੀ ਧਿਰ ਦਾ ਕਹਿਣਾ ਹੈ ਕਿ ਇਹ ਰਸਤਾ ਸਰਕਾਰੀ ਹੈ, ਕਿਸੇ ਦਾ ਨਿੱਜੀ ਨਹੀਂ, ਜਿਸ ਕਰਕੇ ਅਸੀਂ ਲੰਘ ਸਕਦੇ ਹਾਂ ਇਹ ਰੋਕ ਨਹੀਂ ਸਕਦੇ। ਇਸ ਸਬੰਧੀ ਮੌਕੇ ‘ਤੇ ਪਹੁੰਚੇ ਥਾਣੇਦਾਰ ਕੁਲਦੀਪ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਦਰਖਾਸਤ ਆਈ ਹੈ, ਜਿਸ ਲਈ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ, ਜਿਥੇ ਦੋਵਾਂ ਪਾਰਟੀਆਂ ਦਾ ਪੱਖ ਸੁਣਿਆ ਜਾਵੇਗਾ ਤੇ ਉਸ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।