ਗਲੀ ‘ਚ ਖੜ੍ਹੇ ਸੀਵਰੇਜ ਦੇ ਪਾਣੀ ‘ਚ ਡੁੱਬ ਕੇ 14 ਮਹੀਨੇ ਦੇ ਬੱਚੇ ਦੀ ਹੋਈ ਮੌਤ

ਖੰਨਾ – ਖੰਨਾ ਸ਼ਹਿਰ ਦੇ ਲਾਈਨੋਂ ਪਾਰ ਇਲਾਕੇ ‘ਚ ਬਿਨਾਂ ਸੀਵਰੇਜ ਦੇ ਹੁਣ ਤੱਕ ਤਾਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਨਾਲ ਜੂਝ ਰਹੇ ਸਨ, ਹੁਣ ਸੀਵਰੇਜ ਸਮੱਸਿਆ ਲੋਕਾਂ ਦੀ ਜਾਨ ਲੈਣ ‘ਤੇ ਉਤਾਰੂ ਹੋ ਗਈ ਹੈ । ਬਿਹਾਰ ਤੋਂ ਆਏ ਪ੍ਰਵਾਸੀ ਭਾਰਤੀ ਰਿਸ਼ੀ ਪਾਸਵਾਨ ਅਤੇ ਆਰਤੀ ਦੇਵੀ ਦੀ ਇਕਲੌਤੀ ਔਲਾਦ 14 ਮਹੀਨੇ ਦੇ ਬੱਚੇ ਰਿਤੇਸ਼ ਨੇ ਕੁੱਝ ਹੀ ਦਿਨ ਪਹਿਲਾਂ ਰੁੜ੍ਹਣਾ ਸ਼ੁਰੂ ਕੀਤਾ ਸੀ । ਇਕਲੌਤੀ ਔਲਾਦ ਦੇ ਮਾਤਾ-ਪਿਤਾ ਨੂੰ ਕੀ ਪਤਾ ਸੀ ਕਿ ਉਸਦੇ ਬੱਚੇ ਦੇ ਰੁੜ੍ਹਣਾ ਸ਼ੁਰੂ ਹੋਣ ਦੀ ਖੁਸ਼ੀ ਕੁਝ ਹੀ ਦਿਨਾਂ ਦੀ ਮਹਿਮਾਨ ਹੈ ਤੇ ਘਰ ਦੇ ਬਾਹਰ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਉਸਦੀ ਜਾਨ ਲੈਣ ਲਈ ਬਾਹਰ ਖੜ੍ਹਾ ਹੈ । ਅੱਜ ਸ਼ਾਮ ਜਦੋਂ ਰਿਤੇਸ਼ ਰੁੜ੍ਹਦਾ ਹੋਇਆ ਘਰ ਤੋਂ ਬਾਹਰ ਨਿਕਲ ਗਿਆ ਤਾਂ ਉਸਦੇ ਮਾਤਾ-ਪਿਤਾ ਦਾ ਧਿਆਨ ਨਹੀਂ ਰਿਹਾ ਤੇ ਸੀਵਰੇਜ ਦੇ ਪਾਣੀ ‘ਚ ਡੁੱਬ ਕੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ।

14 ਮਹੀਨੇ ਦੇ ਬੱਚੇ ਦੀ ਹੋਈ ਮੌਤ ਕਾਰਨ ਆਲੇ-ਦੁਆਲੇ ਦੇ ਲੋਕ ਭੜਕ ਗਏ ਤੇ ਪੰਜਾਬ ਸਰਕਾਰ ਨੂੰ ਕੋਸਣ ਲੱਗੇ ਕਿ ਇਸ ਖੇਤਰ ‘ਚ ਸੀਵਰੇਜ ਸਮੱਸਿਆ ਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ । ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਅੱਗੇ ਹਰ ਸਮੇਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਕਿਤੇ-ਕਿਤੇ ਤਾਂ ਸੀਵਰੇਜ ਦੇ ਗੰਦੇ ਪਾਣੀ ਦੇ 03 ਤੋਂ 5 ਫੁੱਟ ਤੱਕ ਡੂੰਘੇ ਟੋਏ ਬਣੇ ਹੋਏ ਹਨ, ਜਿਸ ਨਾਲ ਬੱਚਿਆਂ ਦੇ ਹਰ ਸਮੇਂ ਇਨ੍ਹਾਂ ਟੋਇਆਂ ‘ਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ । ਅੱਜ ਪੰਜਾਬ ਸਰਕਾਰ ਵੱਲੋਂ ਇਸ ਖੇਤਰ ‘ਚ ਸੀਵਰੇਜ ਨਾ ਪਾਉਣ ਕਾਰਨ ਹੀ ਇਕ ਮਾਸੂਮ ਇਕਲੌਤੇ ਬੱਚੇ ਦੀ ਜਾਨ ਚਲੀ ਗਈ । ਲੋਕਾਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਬੱਚੇ ਦੇ ਮਾਤਾ-ਪਿਤਾ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਤਾਂ ਉਹ ਸੜਕਾਂ ‘ਤੇ ਧਰਨਾ ਲਾ ਦੇਣਗੇ। ਲੋਕਾਂ ਨੇ ਇਸ ਇਲਾਕੇ ‘ਚ ਸੀਵਰੇਜ ਦੀ ਸਹੂਲਤ ਵੀ ਜਲਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ।