ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਨੀਟਾ ਦਿਓਲ ਜਗਰਾਓਂ ਅਦਾਲਤ ‘ਚ ਪੇਸ਼

ਜਗਰਾਓਂ – ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਅੱਜ ਇਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਗਰਾਓਂ ਅਦਾਲਤ ‘ਚ ਪੇਸ਼ ਕੀਤਾ ਗਿਆ। ਨਾਭਾ ਜੇਲ ਬ੍ਰੇਕ ਕਾਂਡ ‘ਚ ਆਪਣੇ ਨਜ਼ਦੀਕੀ ਸਾਥੀ ਵਿੱਕੀ ਗੌਂਡਰ ਨਾਲ ਜੇਲ ਤੋੜ ਕੇ ਫਰਾਰ ਹੋਏ ਨੀਟਾ ਦਿਓਲ ਨੂੰ ਬਾਅਦ ‘ਚ ਇੰਦੌਰ (ਮੱਧ ਪ੍ਰਦੇਸ਼) ਤੋਂ ਕਾਬੂ ਕੀਤਾ ਗਿਆ ਸੀ। ਜਗਰਾਓਂ ਸਿਟੀ ਪੁਲਸ ਨੂੰ ਉਹ ਤਿੰਨ ਸਾਲ ਪੁਰਾਣੇ ਮਾਮਲੇ ‘ਚ ਲੋੜੀਂਦਾ ਹੈ। ਉਸ ਨੇ ਅਕਤੂਬਰ 2015 ‘ਚ ਜਗਰਾਓਂ-ਲੁਧਿਆਣਾ ਹਾਈਵੇ ‘ਤੇ ਜਗਰਾਓਂ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਰਾਜਾ ਢਾਬਾ ਨੇੜਿਓਂ ਇਕ ਫਾਰਚੂਨਰ ਗੱਡੀ ਹਥਿਆਰ ਦਿਖਾ ਕੇ ਖੋਹੀ ਸੀ। ਇਹ ਗੱਡੀ ਆਰੀਅਨ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦੀ ਸੀ, ਜੋ ਉਸ ਸਮੇਂ ਢਾਬੇ ‘ਤੇ ਕੁਝ ਖਾਣ ਲਈ ਰੁਕਿਆ ਸੀ।

ਬਾਅਦ ‘ਚ ਇਹੋ ਫਾਰਚੂਨਰ ਫਗਵਾੜਾ ਨੇੜੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਨ ਸਮੇਂ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਵੱਲੋਂ ਵਰਤੀ ਗਈ ਸੀ। ਇਸ ਮਾਮਲੇ ‘ਚ ਨੀਟਾ ਦਿਓਲ ਨੂੰ ਬੀਤੇ ਦਿਨ ਨਾਭਾ ਜੇਲ ਤੋਂ ਲਿਆ ਕੇ ਤਫਤੀਸ਼ ‘ਚ ਸ਼ਾਮਲ ਕਰ ਲਏ ਜਾਣ ਤੋਂ ਬਾਅਦ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਨੀਟਾ ਦਿਓਲ ਦੀ ਪੇਸ਼ੀ ਸਬੰਧੀ ਕੱਲ ਹੀ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਨੂੰ ਸੂਚਨਾ ਮਿਲ ਗਈ ਸੀ, ਜਿਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਸਿਟੀ ਪੁਲਸ ਦੇ 3 ਏ. ਐੱਸ. ਆਈ., ਪੀ. ਸੀ. ਆਰ. ਮੁਲਾਜ਼ਮਾਂ ਸਮੇਤ ਹੋਰ ਪੁਲਸ ਫੋਰਸ ਮੌਕੇ ‘ਤੇ ਤਾਇਨਾਤ ਸੀ। ਪੇਸ਼ੀ ਭੁਗਤਣ ਤੋਂ ਫੌਰੀ ਬਾਅਦ ਫੋਰਸ ਉਸ ਨੂੰ ਵਾਪਸ ਨਾਭਾ ਜੇਲ ਲਈ ਲੈ ਕੇ ਰਵਾਨਾ ਹੋ ਗਈ। ਜਗਰਾਓਂ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੀਟਾ ਦਿਓਲ ਨੂੰ ਪੇਸ਼ੀ ਉਪਰੰਤ ਮੁੜ ਨਾਭਾ ਜੇਲ ਭੇਜ ਦਿੱਤਾ ਗਿਆ ਹੈ।