ਸੜਕ ਹਾਦਸੇ ‘ਚ ਹੋਮਗਾਰਡ ਜਵਾਨ ਦੀ ਦਰਦਨਾਕ ਮੌਤ

ਰਾਮਪੁਰਾ ਫੂਲ –  ਕਸਬਾ ਫੂਲ ਟਾਊਨ ‘ਚ ਅੱਜ ਸਵੇਰੇ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਮੋਟਰਸਾਈਕਲ ਸਵਾਰ ਹੋਮਗਾਰਡ ਜਵਾਨ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਥਾਣਾ ਰਾਮਪੁਰਾ ਸਦਰ ‘ਚ ਤਾਇਨਾਤ ਹੋਮਗਾਰਡ ਦਾ ਜਵਾਨ ਸਰਬਜੀਤ ਸਿੰਘ (44) ਪੁੱਤਰ ਸੁਖਦੇਵ ਸਿੰਘ ਵਾਸੀ ਫੂਲ ਟਾਊਨ ਅੱਜ ਸਵੇਰੇ 10.30 ਵਜੇ ਕਰੀਬ ਡਿਊਟੀ ‘ਤੇ ਜਾ ਰਿਹਾ ਸੀ। ਆਪਣੇ ਘਰ ਤੋਂ ਥੋੜ੍ਹੀ ਜਿਹੀ ਦੂਰੀ ‘ਤੇ ਸਥਿਤ ਮੰਦਰ ਬੀਬੀ ਪਾਰੋ ਨਜ਼ਦੀਕ ਉਸ ਦਾ ਮੋਟਰਸਾਈਕਲ ਸਾਹਮਣਿਓਂ ਆ ਰਹੀ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਿਆ। ਇਸ ਦੌਰਾਨ ਸਰਬਜੀਤ ਦਾ ਸਿਰ ਟਰਾਲੀ ਦੇ ਟਾਇਰਾਂ ਹੇਠ ਆਉਣ ਨਾਲ ਬੁਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ਵਿਚ ਸਰਬਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਦੁਆਰਾ ਸਰਬਜੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਉਧਰ ਪੁਲਸ ਥਾਣਾ ਫੂਲ ਦੁਆਰਾ ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਦੇ ਬਿਆਨ ‘ਤੇ ਟਰੈਕਟਰ ਚਾਲਕ ਸੰਦੀਪ ਸਿੰਘ ‘ਤੇ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।