ਮਹੰਤ ਬਲਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜ਼ਮੀਨੀਵਿਵਾਦ ਕਾਰਨ ਸਥਿਤੀ ਬਣੀ ਤਣਾਅਪੂਰਨ

ਤਰਨਤਾਰਨ –  ਸਥਾਨਕ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਮਹੰਤ ਬਲਜੀਤ ਸਿੰਘ ਦਾ ਅੱਜ ਕਿਸੇ ਬੀਮਾਰੀ ਕਾਰਨ ਇਲਾਜ ਦੌਰਾਨ ਦਿਹਾਂਤ ਹੋ ਗਿਆ, ਜਿਸ ਥਾਂ ‘ਤੇ ਮਹੰਤ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ, ਉਥੇ ਇਕ ਪਾਰਟੀ ਜੋ ਆਪਣੇ ਆਪ ਨੂੰ ਜ਼ਮੀਨ ਦਾ ਮਾਲਕ ਦੱਸਦੀ ਸੀ, ਨੇ ਸਸਕਾਰ ਮੌਕੇ ਪੁੱਜ ਕੇ ਵਿਵਾਦ ਖੜ੍ਹਾ ਕਰ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ।  ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਮੌਕਾ ਸੰਭਾਲਦਿਆਂ ਦੋਵਾ ਧਿਰਾਂ ‘ਚ ਹੋਣ ਵਾਲੇ ਟਕਰਾਅ ‘ਤੇ ਕਾਬੂ ਕਰ ਲਿਆ।

ਮਹੰਤ ਬਲਜੀਤ ਸਿੰਘ ਦੇ ਸਸਕਾਰ ਮੌਕੇ ਇਕ ਪਾਰਟੀ ਨੇ ਆਪਣਾ ਦਾਅਵਾ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਇਸ ਜਗ੍ਹਾ ਦੀ ਮਾਲਕੀ ਹੋਣ ਦੇ ਮਾਣਯੋਗ ਹਾਈਕੋਰਟ ਵੱਲੋਂ ਜਾਰੀ ਸਬੂਤ ਵਜੋਂ ਆਰਡਰ ਵੀ ਮੌਜੂਦ ਹਨ ਪਰ ਫਿਰ ਵੀ ਪੁਲਸ ਪ੍ਰਸ਼ਾਸਨ ਮਹੰਤ ਬਲਜੀਤ ਸਿੰਘ ਦੀ ਮਦਦ ਕਰ ਰਿਹਾ ਹੈ। ਇਸ ਸਬੰਧੀ ਮ੍ਰਿਤਕ ਮਹੰਤ ਦੀ ਪਤਨੀ, ਬੇਟੇ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਘਰ ‘ਚ ਮੌਤ ਹੋਈ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਕੁੱਝ ਸ਼ਰਾਰਤੀ ਅਨਸਰ ਮੌਕੇ ‘ਤੇ ਹੁਲੜਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜੋ ਕਿ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਉਹ ਇਸ ਸਬੰਧੀ ਕੋਈ ਵੀ ਗੱਲਬਾਤ ਸਸਕਾਰ ਤੋਂ ਬਾਅਦ ਬੈਠ ਕੇ ਵੀ ਕਰ ਸਕਦੇ ਸਨ। ਇਸ ਲਈ ਘਿਨੌਣੀ ਹਰਕਤ ਕਰਨ ਵਾਲਿਆਂ ਵਿਰੁੱਧ ਪੁਲਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਥਾਣਾ ਮੁਖੀ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਖੀਰ ਪੁਲਸ ਅਧਿਕਾਰੀ, ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਤੇ ਹੋਰ ਸ਼ਖਤੀਅਤਾਂ ਦੇ ਦਖਲ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਡਾ. ਸੰਦੀਪ ਅਗਨੀਹੋਤਰੀ, ਸਾਬਕਾ ਪ੍ਰਧਾਨ ਜਤਿੰਦਰ ਕੁਮਾਰ ਸੂਦ, ਡਾ. ਸੁਖਦੇਵ ਸਿੰਘ ਲੌਹਕਾ, ਸਰਬਜੀਤ ਸਿੰਘ ਸਾਭਾ, ਗੋਲਡੀ, ਸਤੀਸ਼ ਸ਼ਰਮਾ ਸੱਤਾ, ਸਾਰੇ ਕੌਂਸਲਰ, ਰਣਜੀਤ ਸਿੰਘ ਰਾਣਾ ਸਾਬਕਾ ਕੌਂਸਲਰ, ਕਸ਼ਮੀਰ ਸਿੰਘ ਭੋਲਾ, ਅਮਨ ਸੂਦ, ਬਲਜੀਤ ਸਿੰਘ ਰੰਧਾਵਾ, ਹਰਦੀਪ ਸਿੰਘ, ਮਲਕੀਤ ਸਿੰਘ, ਨਵਜੋਤ ਸਿੰਘ ਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।