ਅਧਿਆਪਕਾਂ ਨੇ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ

ਸ੍ਰੀ ਮੁਕਤਸਰ ਸਾਹਿਬ – ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ‘ਤੇ ਜ਼ਿਲੇ ਭਰ ਦੇ ਸਮੂਹ ਠੇਕਾ ਅਧਾਰਤ ਅਧਿਆਪਕਾਂ, ਮੁਲਾਜ਼ਮਾਂ ਤੇ ਦਫਤਰੀ ਕਾਮਿਆਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਸਰਕਾਰ ਦੀਆਂ ਸਿੱਖਿਆ ਵਿਰੋਧੀ ਤੇ ਅਧਿਆਪਕ ਮਾਰੂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਥਾਣੀ ਰੋਸ ਮਾਰਚ ਕਰਦਿਆਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਉਪਰੰਤ ਸਥਾਨਕ ਕੋਟਕਪੂਰਾ ਚੌਂਕ ਵਿਚ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਡੀ. ਜੀ. ਐੱਸ. ਈ. ਪੰਜਾਬ ਦੇ ਅਧੀਨ ਵੱਖ-ਵੱਖ ਸੋਸਾਇਟੀਆਂ (ਪਿਕਟਸ/ਸਸਅ/ਰਮਸਾ/ਮਾਡਲ ਸਕੂਲ/ਆਦਰਸ਼ ਸਕੂਲ/ਆਈ.ਈ.ਆਰ.ਟੀ./ਐੱਮ.ਡੀ.ਐੱਮ.) ਵਿਚ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕਰਮਚਾਰੀ ਸ਼ਾਮਲ ਹਨ ਤੇ ਇਨ੍ਹਾਂ ਤੋਂ ਇਲਾਵਾ ਪਿਕਟਸ ਅਧੀਨ ਸਾਲ 2011 ਤੋਂ ਰੈਗੂਲਰ ਤੌਰ ਤੇ ਅਧਿਆਪਕ/ਕਰਮਚਾਰੀ ਕੰਮ ਕਰ ਰਹੇ ਹਨ।

ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਜੋ ਕਿ 2005 ਵਿਚ ਠੇਕੇ ‘ਤੇ ਭਰਤੀ ਹੋਏ ਸਨ ਨੇ ਪਹਿਲਾਂ 6 ਸਾਲ ਠੇਕੇ ‘ਤੇ ਬਹੁਤ ਥੋੜੀ ਤਨਖਾਹ ‘ਤੇ ਕੰਮ ਕੀਤਾ ਅਤੇ ਜੁਲਾਈ 2011 ਵਿਚ ਅਕਾਲੀ ਭਾਜਪਾ ਸਰਕਾਰ ਨੇ ਪਿਕਟਸ ਵਿਚ ਵੋਕੇਸ਼ਨਲ ਮਾਸਟਰ ਦਾ ਗਰੇਡ ਦੇ ਕੇ ਰੈਗੂਲਰ ਕੀਤਾ ਸੀ। ਰਾਜਪਾਲ ਪੰਜਾਬ ਦੀ ਮਨਜ਼ੂਰੀ ਨਾਲ ਕੀਤੇ ਗਏ ਨੋਟੀਫਿਕੇਸ਼ਨ ਵਿਚ ਲਿਖਿਆ ਗਿਆ ਕਿ ਕੰਪਿਊਟਰ ਅਧਿਆਪਕਾਂ ਤੇ ਪੰਜਾਬ ਸਿਵਲ ਸੇਵਾਵਾਂ ਦੇ ਨਿਯਮ ਲਾਗੂ ਹੋਣਗੇ ਪਰ ਸਰਕਾਰ ਵਲੋਂ ਮੁੱਢਲੇ ਤਨਖਾਹ ਸਕੇਲ 10300 ਤੇ ਭਰਤੀ ਕਰਨਾ ਮੰਦਭਾਗੀ ਗੱਲ ਹੈ। ਐੱਸ. ਐੱਸ. ਏ/ਰਮਸਾ ਅਧੀਨ ਠੇਕੇ ਤੇ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕ ਜੋ ਕਿ 42000 ਤਨਖਾਹ ਲੈ ਰਹੇ ਹਨ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਨਾਂ ‘ਤੇ ਜ਼ਬਰੀ 3 ਸਾਲ ਲਈ 10300 ਲੈਣ ਲਈ ਕਿਹਾ ਜਾ ਰਿਹਾ ਹੈ।

ਸਰਕਾਰ ਇਹੀ ਨਿਯਮ ਐੱਸ. ਐੱਸ. ਏ ਅਧੀਂਨ ਕੰਮ ਕਰਦੇ ਦਫਤਰੀ ਕਰਮਚਾਰੀਆਂ ‘ਤੇ ਥੋਪਣ ਜਾ ਰਹੀ ਹੈ। ਅਧਿਆਪਕ ਆਗੂਆਂ ਨੇ ਕਿਹਾ ਸਰਕਾਰ ਦੇ ਇਸ ਅਧਿਆਪਕ ਮਾਰੂ ਫੈਸਲੇ ਦਾ ਲਗਾਤਾਰ ਡਟਵਾਂ ਵਿਰੋਧ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਪੂਰੀ ਤਨਖਾਹ ਅਤੇ ਭੱਤਿਆਂ ਨਾਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਕਰੇ ਅਤੇ ਚੋਣਾਂ ਸਮੇਂ ਕੀਤਾ ਆਪਣਾ ਵਾਅਦਾ ਪੂਰਾ ਕਰੇ। ਅਧਿਆਪਕਾਂ ਦੀ ਰੈਗੂਲਰ ਭਰਤੀ ਕਰੇ, 5178 ਅਧਿਆਪਕਾਂ ਦੇ ਬਣਦੀਆਂ ਮੰਗਾਂ ਪੂਰੀਆਂ ਕਰੇ, ਸੱਤ ਸਾਲਾਂ ਬਾਅਦ ਬਦਲੀ ਦੀ ਨੀਤੀ ਤੇ ਰੈਸ਼ਨੇਲਾਈਜੇਸ਼ਨ ਦੀ ਨੀਤੀ ਨੂੰ ਤੁਰੰਤ ਰੱਦ ਕਰੇ। ਆਗੁਆਂ ਨੇ ਚੇਤਵਾਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਸਰਕਾਰ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਰੋਸ ਧਰਨੇ ਨੂੰ ਹਰਜੀਤ ਸਿੰਘ, ਪ੍ਰਦੀਪ ਕੁਮਾਰ ਬੇਰੀ, ਕੁਲਵਿੰਦਰ ਸਿੰਘ ਮਲੋਟ, ਲਖਵੀਰ ਸਿੰਘ ਹਰੀਕੇ, ਸੁਖਦਰਸ਼ਨ ਜੱਗਾ, ਅੰਮ੍ਰਿਤਪਾਲ ਕੌਰ, ਦਲਜਿੰਦਰ ਸਿੰਘ, ਕੁਲਵਿੰਦਰ ਸਿੰਘ ਰਮਸਾ, ਗੁਰਨੈਬ ਸਿੰਘ, ਚਰਨ ਦਾਸ, ਪਵਨ ਕੁਮਾਰ, ਅਮਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਕੁਮਾਰ, ਮਨਜੋਤ ਸਿੰਘ, ਬੂਟਾ ਸਿੰਘ ਵਾਕਫ਼, ਪਰਮਜੀਤ ਸਿੰਘ, ਰਾਮ ਸਵਰਨ ਲੱਖੇਵਾਲੀ, ਸੰਦੀਪ ਰਾਜੋਰੀਆ, ਜਸਪਾਲ, ਪ੍ਰੇਮ ਸਾਗਰ, ਲਖਰਾਜ਼ ਨਰਿੰਦਰ ਖਿੱਚੀ, ਗੁਰਪਿਆਰ ਸਿੰਘ, ਰਾਜੀਵ ਕੁਮਾਰ, ਸੁਨੀਲ ਕੁਮਾਰ , ਪ੍ਰਦੀਪ ਮਿੱਤਲ ਆਦਿ ਅਧਿਆਪਕ ਮੌਜੂਦ ਸਨ। ਮੰਚ ਸੰਚਾਲਨ ਅਮਰ ਸਿੰਘ ਨੇ ਕੀਤਾ। ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਅਧਿਆਪਕਾਂ ਵਿਚ ਸਰਕਾਰੀ ਫੁਰਮਾਨਾਂ ਖਿਲਾਫ਼ ਗੁੱਸੇ ਦੀ ਲਹਿਰ ਵਿਖਾਈ ਦੇ ਰਹੀ ਸੀ ਤੇ ਉਨ੍ਹਾਂ ਦੁਆਰਾ ‘ਕੈਪਟਨ ਤੇਰਾ ਤੋੜਾਂਗੇ ਗਰੂਰ, 10300 ਨਹੀਂ ਮਨਜੂਰ, ਹੱਕ ਲਵਾਂਗੇ ਏਕੇ ਨਾਲ ਤੇ ਹੱਕਾਂ ਲਈ ਜੋ ਲੜਦੇ ਲੋਕ, ਜੇਲਾਂ ਤੋਂ ਨਈ ਡਰਦੇ ਲੋਕ’ ਲਗਾਏ ਜਾ ਰਹੇ ਨਾਅਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ।