ਪੰਜਾਬ ‘ਚ ਗੜਬੜ ਕਰਨ ਵਾਲਿਆਂ ਨੂੰ ਬਖਸ਼ਾਂਗਾ ਨਹੀਂ : ਕੈਪਟਨ

ਲੁਧਿਆਣਾ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ‘ਚ ਗੜਬੜ ਕਰਨ ਵਾਲਿਆਂ ਨੂੰ ਛੱਡਣਗੇ ਨਹੀਂ। ਪੀ. ਏ. ਯੂ. ‘ਚ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣ ਸਬੰਧੀ ਆਯੋਜਿਤ ਰੋਜ਼ਗਾਰ ਮੇਲੇ  ਮੌਕੇ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਕੀਤੇ ਦੌਰਿਆਂ ਦੌਰਾਨ ਲੋਕਾਂ ਨੇ ਪਰਿਵਾਰ ‘ਚ ਰੋਜ਼ਗਾਰ ਦੇਣ ਦੀ ਮੰਗ ਰੱਖੀ ਸੀ, ਕਿਉਂਕਿ ਨੌਕਰੀ ਨਾ ਮਿਲਣ ਕਾਰਣ ਨੌਜਵਾਨਾਂ ਦਾ ਧਿਆਨ ਨਸ਼ੇ ਵੱਲ ਚਲਾ ਜਾਂਦਾ ਹੈ। ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਨੇ ਕਾਂਗਰਸ ਸਰਕਾਰ ਬਣਨ ‘ਤੇ ਘਰ-ਘਰ ਨੌਕਰੀ ਦੇਣ ਦਾ ਦਾਅਵਾ ਕੀਤਾ ਸੀ।

ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਨਵੇਂ ਮੌਕੇ ਤਦ ਪੈਦਾ ਹੋਣਗੇ, ਜਦ ਇਥੇ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਹੋਵੇਗਾ, ਕਿਉਂਕਿ ਜਿਥੇ ਮਾਹੌਲ ਖਰਾਬ ਹੋਵੇ, ਉਥੇ ਨਵੀਂ ਇੰਡਸਟਰੀ ਲਾਉਣ ਦੇ ਲਈ ਕੋਈ ਅੱਗੇ ਨਹੀਂ ਆਉਂਦਾ। ਇਹੀ ਵਜ੍ਹਾ ਹੈ ਕਿ ਸਰਕਾਰ ਨੇ ਕਾਨੂੰਨ ਤੋੜ ਕੇ ਹਿੰਸਾ ਫੈਲਾਉਣ ਵਾਲਿਆਂ ਖਿਲਾਫ ਸਖਤ ਰੁਖ ਅਪਣਾਇਆ ਹੋਇਆ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਸੂਬੇ ‘ਚ 150 ਸਥਾਨਾਂ ‘ਤੇ ਰੋਜ਼ਗਾਰ ਮੇਲਾ ਕਰਵਾਇਆ ਗਿਆ ਹੈ, ਜਿਸ ‘ਚ ਵੱਡੀਆਂ ਕੰਪਨੀਆਂ ਨੇ ਹਿੱਸਾ ਲੈ ਕੇ ਨੌਜਵਾਨਾਂ ਨੂੰ ਨੌਕਰੀ ਲਈ ਚੁਣਿਆ। ਜਿਨ੍ਹਾਂ ਨੌਜਵਾਨਾਂ ਦੀ ਗਿਣਤੀ 1,61,522 ਹੋ ਗਈ ਹੈ, ਜਿਨ੍ਹਾਂ ‘ਚ 9592 ਨੌਜਵਾਨਾਂ ਨੂੰ ਐਤਵਾਰ ਨੂੰ ਆਯੋਜਿਤ ਦੂਜੇ ਰੋਜ਼ਗਾਰ ਮੇਲੇ ਦੌਰਾਨ ਨਿਯੁਕਤੀ ਪੱਤਰ ਦਿੱਤੇ ਗਏ।ਮੁੱਖ ਮੰਤਰੀ ਨੇ ਰੋਜ਼ਗਾਰ ਮੇਲੇ ਦੌਰਾਨ ਘੱਟ ਤਨਖਾਹ ‘ਤੇ ਨੌਕਰੀਆਂ ਦੇਣ ਬਾਰੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਰੱਦ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਾਲਾਨਾ 3 ਲੱਖ ਤੋਂ 31 ਲੱਖ ਤੱਕ ਦਾ ਪੈਕੇਜ ਦਿੱਤਾ ਗਿਆ ਹੈ, ਜਿਸਦੇ ਲਈ ਉਨ੍ਹਾਂ ਨੇ ਬਾਕਾਇਦਾ ਅੰਕੜੇ ਵੀ ਪੇਸ਼ ਕੀਤੇ ਕਿ 8 ਕੰਪਨੀਆਂ ਨੇ 12 ਲੱਖ, 12 ਕੰਪਨੀਆਂ ਨੇ 10 ਲੱਖ, 24 ਕੰਪਨੀਆਂ ਨੇ 7 ਲੱਖ ਅਤੇ 66 ਕੰਪਨੀਆਂ ਨੇ 5 ਲੱਖ ਰੁਪਏ ਤੋਂ ਜ਼ਿਆਦਾ ਦੇ ਸਾਲਾਨਾ ਪੈਕੇਜ ਦਿੱਤੇ ਹੋਏ ਹਨ