‘ਪੋਲ ਖੋਲ੍ਹੋ’ ਰੈਲੀ ‘ਚ ਆਈ. ਜੀ. ਛੀਨਾ ‘ਤੇ ਖੂਬ ਵਰ੍ਹੇ ਸੁਖਬੀਰ ਬਾਦਲ

ਲੁਧਿਆਣਾ : ਬੀਤੇ ਦਿਨ ਇੱਥੇ ਹੋਈ ‘ਪੋਲ ਖੋਲ੍ਹੋ’ ਰੈਲੀ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਬਠਿੰਡਾ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ‘ਤੇ ਖੂਬ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਛੀਨਾ ਨੇ ਇਕ ਗਰੀਬ ਪਰਿਵਾਰ ਖਿਲਾਫ ਕੇਸ ਦਰਜ ਕਰਕੇ ਪੂਰਾ ਪਰਿਵਾਰ ਤਬਾਹ ਕਰ ਦਿੱਤਾ। ਅਕਾਲੀ ਸਰਕਾਰ ਆਉਣ ‘ਤੇ ਛੀਨਾ ਨੂੰ ਕਿਸੇ ਸੂਰਤ ‘ਚ ਨਹੀਂ ਬਖਸ਼ਿਆ ਜਾਵੇਗਾ। ਸੁਖਬੀਰ ਨੇ ਕਿਹਾ ਕਿ ਉਹ ਅਫਸਰਸ਼ਾਹੀ ਦੇ ਖਿਲਾਫ ਨਹੀਂ ਹਨ ਪਰ ਅਫਸਰ ਜੇਕਰ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਨਗੇ ਤਾਂ ਅਜਿਹੇ ਅਫਸਰਾਂ ਨੂੰ ਸਮਾਂ ਆਉਣ ‘ਤੇ ਗਲਤ ਕੰਮਾਂ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਪੁਲਸ ਅਫਸਰਾਂ ਨੂੰ ਲਤਾੜਦੇ ਹੋਏ ਕਿਹਾ ਕਿ ਅੱਜ ਭਾਵੇਂ ਹੀ ਕਾਂਗਰਸ ਦੀ ਸਰਕਾਰ ‘ਚ ਉਹ ਵਰਦੀ ਦੀ ਆੜ ‘ਚ ਗਲਤ ਕੰਮ ਕਰ ਰਹੇ ਹਨ ਪਰ ਉਹ ਜ਼ਿਆਦਾ ਦਿਨ ਨਹੀਂ ਚੱਲੇਗਾ। ਉੱਥੇ ਹੀ ਗਾਂਧੀ ਪਰਿਵਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਸੁਖਬੀਰ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਸਿੱਖ ਕੌਮ ‘ਤੇ ਜੋ ਜ਼ੁਲਮ ਕੀਤੇ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ 1984 ‘ਚ ਸਿੱਖਾਂ ਦਾ ਕਤਲ ਕੀਤਾ ਗਿਆ ਪਰ ਲੋਕਾਂ ਨੇ ਇਸ ਨੂੰ ਭੁਲਾ ਕੇ ਕਾਂਗਰਸ ਨੂੰ ਪੰਜਾਬ ਦੀ ਵਾਂਗਡੋਰ ਦੇ ਦਿੱਤੀ, ਜਿਸ ਦਾ ਖਾਮਿਆਜ਼ਾ ਹਰੇਕ ਵਰਗ ਨੂੰ ਭੁਗਤਣਾ ਪੈ ਰਿਹਾ ਹੈ।