ਮਾਡਰਨ ਜੇਲ ਕਪੂਰਥਲਾ ‘ਚ ਸਜ਼ਾ ਕੱਟ ਰਹੇ 21 ਸਾਲਾ ਕੈਦੀ ਦੀ ਮੌਤ

ਜਲੰਧਰ -ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਮਾਡਰਨ ਜੇਲ ਕਪੂਰਥਲਾ ਵਿਚ ਸਜ਼ਾ ਕੱਟ ਰਹੇ 21 ਸਾਲਾ ਇਕ ਕੈਦੀ ਦੀ ਅੱਜ ਸਵੇਰੇ ਸਿਵਲ ਹਸਪਤਾਲ ਜਲੰਧਰ ਵਿਚ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਡਵੀਜ਼ਨ ਨੰਬਰ 4. ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਰਹੀਮਪੁਰ ਥਾਣਾ ਸਦਰ ਨਕੋਦਰ (ਜਲੰਧਰ) ਨਾਮਕ ਉਕਤ ਕੈਦੀ ਨੂੰ ਦੋ ਦਿਨ ਪਹਿਲਾਂ 6 ਮਾਰਚ ਨੂੰ ਸਿਵਲ ਹਸਪਤਾਲ ਜਲੰਧਰ ਬੀਮਾਰ ਭਰਤੀ ਕਰਵਾਇਆ ਗਿਆ ਸੀ, ਜਿਸ ਦੀ ਹਾਲਤ ਵਿਚ ਸੁਧਾਰ ਆਉਣ ਦੀ ਬਜਾਏ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਵੀਰਵਾਰ ਨੂੰ ਸਵੇਰੇ ਉਸਨੇ ਦਮ ਤੋੜ ਦਿੱਤਾ। ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਖਿਲਾਫ ਥਾਣਾ ਸਦਰ ਨਕੋਦਰ ਵਿਚ ਨਸ਼ਾ ਸਮੱਗਲਿੰਗ ਨੂੰ ਲੈ ਕੇ ਸਾਲ 2015 ਵਿਚ ਮੁਕੱਦਮਾ ਨੰਬਰ 235 ਦਰਜ ਕੀਤਾ ਗਿਆ ਸੀ,

ਜਿਸ ਤੋਂ ਬਾਅਦ ਉਸਨੂੰ ਮਾਣਯੋਗ ਅਦਾਲਤ ਵਲੋਂ ਸਜ਼ਾ ਸੁਣਾ ਦਿੱਤੀ ਗਈ ਅਤੇ ਕਪੂਰਥਲਾ ਜੇਲ ਵਿਚ ਆਪਣੀ ਸਜ਼ਾ ਕੱਟਣ ਲੱਗਾ। ਉਸਦੇ ਪਰਿਵਾਰ ਵਾਲਿਆਂ ਨੇ ਗੁਰਪ੍ਰੀਤ ਨੂੰ ਬੇਦਖਲ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਰੋਕਣ ‘ਤੇ ਵੀ ਗੈਰ-ਕਾਨੂੰਨੀ ਕੰਮ ਕਰਦਾ ਸੀ। ਖੁਦ ਵੀ ਨਸ਼ਿਆਂ ਦਾ ਆਦੀ ਹੋਣ ਕਾਰਨ ਗੁਰਪ੍ਰੀਤ ਟੀ. ਬੀ. ਸਮੇਤ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ ਸੀ। ਕੁਝ ਮਹੀਨੇ ਪਹਿਲਾਂ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਲਤ ਵਿਚ ਜਦੋਂ ਕੁਝ ਸੁਧਾਰ ਆਇਆ ਤਾਂ ਉਸ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ। ਦੋ ਦਿਨ ਪਹਿਲਾਂ ਫਿਰ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਦਾ ਸਰੀਰ ਪੂਰੀ ਤਰ੍ਹਾਂ ਸੁੱਕ ਚੁੱਕਾ ਸੀ। ਅੱਜ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।