ਨਹੀਂ ਚੱਲੇਗਾ ਸਿਆਸੀ ਦਬਾਅ, ਅਣਗਹਿਲੀ ਹੋਈ ਤਾਂ ਹੋਵੇਗਾ ਐਕਸ਼ਨ

ਚੰਡੀਗੜ੍ਹ -ਹੈਲੀਕਾਪਟਰ ਰਾਹੀਂ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਖੁਦ ਦੇਖਣ ਅਤੇ ਕਾਰਵਾਈ ਕਰਵਾਉਣ ਲਈ ਵੀਰਵਾਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਸੰਬੰਧੀ ਰੁਖ ਸਖਤ ਰਿਹਾ।  ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਵਾਲੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨਾਲ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਕੀਮਤ ‘ਤੇ ਮਾਈਨਿੰਗ ਨੂੰ ਲੈ ਕੇ ਬਣੇ ਨਿਯਮਾਂ ਅਤੇ ਕਾਨੂੰਨਾਂ ਨੂੰ ‘ਰੇਤ ਦਾ ਕਿਲ੍ਹਾ’ ਨਹੀਂ ਬਣਨ ਦਿੱਤਾ ਜਾਵੇਗਾ ਜਿਸ ਨੂੰ ਕੋਈ ਵੀ ਜਦੋਂ ਮਰਜ਼ੀ ਡੇਗ ਲਏ ਅਤੇ ਫਿਰ ਆਪਣੇ ਮੁਤਾਬਕ ਬਣਾ ਲਏ।
ਮੁੱਖ ਮੰਤਰੀ ਨੇ ਅਧਿਕਾਰੀਆਂ  ਨੂੰ ਸਪੱਸ਼ਟ ਕੀਤਾ ਕਿ ਕਿਸੇ ਵੀ   ਤਰ੍ਹਾਂ ਦੇ ਸਿਆਸੀ ਦਬਾਅ ਦਾ ਬਹਾਨਾ ਬਣਾ ਕੇ ਕਾਰਵਾਈ ਨੂੰ ਟਾਲਿਆ ਨਾ ਜਾਵੇ। ਇੰਝ ਹੋਇਆ ਤਾਂ ਸੰਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਦਿਆਂ ਕਾਰਵਾਈ ਕੀਤੀ ਜਾਵੇਗੀ। ਜੇ ਕਿਸੇ ਨੂੰ ਕੋਈ ਮੁਸ਼ਕਲ ਆਵੇ ਤਾਂ ਮੁੱਖ ਮੰਤਰੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਬੈਠਕ ਦੌਰਾਨ ਸ਼ਿਕਾਇਤ ਆਉਣ ‘ਤੇ ਡੇਰਾਬੱਸੀ ਖੇਤਰ ਦੇ ਚੋਟੀ ਦੇ ਅਧਿਕਾਰੀਆਂ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਮਾਫੀਆ ਦਰਮਿਆਨ ਕਥਿਤ ਗਠਜੋੜ ਸੰਬੰਧੀ ਵਿਜੀਲੈਂਸ ਬਿਊਰੋ ਨੂੰ ਜਾਂਚ ਦਾ ਹੁਕਮ ਦਿੱਤਾ। ਜਾਂਚ ਦੌਰਾਨ ਡੇਰਾਬੱਸੀ ਦੇ ਐੱਸ. ਡੀ. ਐੱਮ., ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਨੂੰ ਉਥੋਂ ਹਟਾਉਣ ਲਈ ਸੰਬੰਧਤ ਵਿਭਾਗਾਂ ਨੂੰ ਹੁਕਮ ਜਾਰੀ ਕੀਤਾ। ਐੱਸ. ਡੀ. ਐੱਮ. ਪਰਮਦੀਪ ਸਿੰਘ ਨੂੰ ਮੁੱਖ ਸਕੱਤਰ ਦਫਤਰ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਡੀ. ਐੱਸ. ਪੀ. ਪੀ. ਐੱਸ. ਬੱਲ ਅਤੇ ਐੱਸ. ਐੱਚ. ਓ. ਪਵਨ ਕੁਮਾਰ ਨੂੰ ਪੁਲਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।