ਲੋਕਾਂ ਤੋਂ ਵੱਧ ਪੈਸੇ ਵਸੂਲਣ ਵਾਲਾ ਵਲਟੋਹਾ ਦਾ ਸੇਵਾ ਕੇਂਦਰ ਬਣਿਆ ਚਰਚਾ ਦਾ ਵਿਸ਼ਾ    ਸੇਵਾ ਕੇਂਦਰ ‘ਚ ਜਮਾ ਕਰਵਾਈ ਫੀਸ ਦੀ ਨਹੀਂ ਮਿਲਦੀ ਕੋਈ ਰਸੀਦ

ਵਲਟੋਹਾ, 7 ਮਾਰਚ (ਹਰਦਿਆਲ ਭੈਣੀ)- ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਖ ਵੱਖ ਸਰਕਾਰੀ ਕੰਮਾਂ ਨੂੰ ਕਰਵਾਉਣ ਲਈ ਅਤੇ ਦਫਤਰਾਂ ਵਿਚ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਲਈ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਪਰ ਇਹਨਾ ਸੇਵਾ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਦੀ ਬਜਾਏ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਵਲਟੋਹਾ ‘ਚ ਬਣੇ ਸੇਵਾ ਕੇਂਦਰ ਤੋਂ ਮਿਲਦੀ ਹੈ। ਜਿੱਥੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਪਾਸੋਂ ਜਿੱਥੇ ਨਿਰਧਾਰਿਤ ਫੀਸ ਤੋਂ ਵੱਧ ਰਾਸ਼ੀ ਵਸੂਲੀ ਜਾਂਦੀ ਹੈ ਉਥੇ ਹੀ ਗੇੜੇ ਵੀ ਮਰਵਾਏ ਜਾਂਦੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਸੂਬੇਦਾਰ ਦਰਬਾਰਾ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਵਲਟੋਹਾ ‘ਚ ਤਾਇਨਾਤ ਆਪ੍ਰੇਟਰ ਕਥਿਤ ਤੌਰ ‘ਤੇ ਬਣਦੀ ਰਕਮ ਤੋਂ ਵੱਧ ਫੀਸ ਵਸੂਲ ਕਰਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੀ ਕੋਈ ਰਸੀਦ ਵੀ ਨਹੀਂ ਦਿੰਦਾ। ਇਸੇ ਤਰਾ ਵਲਟੋਹਾ ਨਿਵਾਸੀ ਚਰਨੋ ਅਤੇ ਗਿਆਨ ਕੌਰ ਨਾਮਕ ਔਰਤਾਂ ਨੇ ਦੱਸਿਆ ਕਿ ਉਕਤ ਆਪ੍ਰੇਟਰ ਵੱਲੋਂ ਸਾਡੇ ਪੈਨ ਕਾਰਡ ਬਣਾਉਣ ਲਈ ੩੫੦ ਰੁਪਏ ਲਏ ਗਏ ਹਨ ਜਦ ਕਿ ਪੈਨ ਕਾਰਡ ਦੀ ਫੀਸ ਬਹੁਤ ਘੱਟ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੈਨ ਕਾਰਡ ਬਣਾਉਣਾ ਸੇਵਾ ਕੇਂਦਰ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਪਰ ਫਿਰ ਵੀ ਉਕਤ ਆਪ੍ਰੇਟਰ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾ ਦੇ ਪੈਨ ਕਾਰਡ ਬਣਾਉਣ ਬਦਲੇ ਵੱਧ ਉਗਰਾਹੀ ਕਰਕੇ ਆਪਣੀਆਂ ਜੇਬਾਂ ਭਰ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋ  ਪੱਤਰਕਾਰ ਨੇ ਸੇਵਾ ਕੇਂਦਰ ‘ਚ ਤਾਇਨਾਤ ਕੋਆਡੀਨੇਟਰ ਮੈਡਮ ਹਰਪ੍ਰੀਤ ਕੌਰ ਨਾਲ ਗੱਲਬਾਤ  ਕੀਤੀ ਤਾ ਇਸੇ ਤੋ ਖਫਾ ਹੋਏ ਉਪਰੇਟਰ ਨੇ ਪੱਤਰਕਾਰ ਨੂੰ ਹੀ ਧਮਕੀਆਂ ਦਿੰਦਿਆਂ ਜਵਾਬ ਦਿੱਤਾ ਕਿ ਉਹ ਲੋਕਾਂ ਤੋਂ ਵੱਧ ਪੈਸੇ ਇਸੇ ਤਰਾ ਹੀ ਵਸੂਲ ਕਰੇਗਾ ਤੁਹਾਡੇ ਤੋਂ ਜੋ ਹੁੰਦਾ ਹੈ ਉਹ ਕਰ ਲਵੋ। ਉਸ ਨੇ ਕਿਹਾ ਕਿ ਜੇਕਰ ਮੇਰੀ ਕੋਈ ਖ਼ਬਰ ਲਗਾਈ ਤਾਂ ਇਸ ਦਾ ਅੰਜਾਮ ਪੱਤਰਕਾਰ ਲਈ ਬਹੁਤ ਬੁਰਾ ਸਾਬਤ ਹੋਵੇਗਾ।
ਸਬ ਡਵੀਜ਼ਨ ਪੱਟੀ ਦੇ ਐੱਸ.ਡੀ.ਐੱਮ. ਸੁਰਿੰਦਰ ਸਿੰਘ ਨਾਲ ਜਦ ਇਸ ਸਬੰਧੀ ਰਾਬਤਾ ਕੀਤਾ ਤਾਂ ਉਹਨਾ  ਕਿਹਾ ਕਿ ਸਰਕਾਰ ਵੱਲੋਂ ਨਿਰਧਾਰਿਤ ਵੱਧ ਫੀਸ ਵਸੂਲਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਵਲਟੋਹਾ ਦੇ ਸੇਵਾ ਕੇਂਦਰ ‘ਚ ਤਾਇਨਾਤ ਆਪ੍ਰੇਟਰ ਦੀਆਂ ਮਨਮਾਨੀਆਂ ਸਬੰਧੀ ਉਹਨਾ ਨੂੰ ਪਤਾ ਲੱਗਾ ਹੈ ਜਿਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਦੌਰਾਨ ਦੋਸ਼ੀ ਪਾਏ ਜਾਣ ‘ਤੇ ਕਾਰਵਾਈ ਕਰਨ ਤੋਂ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਹਨਾ ਪੱਤਰਕਾਰ ਨੂੰ ਧਮਕੀਆ ਦੇਣ ਸਬੰਧੀ ਆਪ੍ਰੇਟਰ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।