ਬਿਨ ਬੁਲਾਏ ਵਿਆਹ ਸਮਾਗਮ ‘ਚ ਵੇਟਰਾਂ ‘ਤੇ ਰੋਅਬ ਪਾਉਣਾ ਪਿਆ ਮਹਿੰਗਾ

ਤਰਨਤਾਰਨ –  ਕਿਸੇ ਵਿਆਹ ਜਾਂ ਖੁਸ਼ੀ ਦੇ ਹੋਰ ਸਮਾਗਮ ‘ਚ ਬਿਨ ਬੁਲਾਏ ਮਹਿਮਾਨਾਂ ਨੂੰ ਵਧੀਆ ਅਤੇ ਸਵਾਦਿਸ਼ਟ ਖਾਤਰਦਾਰੀ ਕਾਫੀ ਜ਼ਿਆਦਾ ਮਹਿੰਗੀ ਪੈ ਸਕਦੀ ਹੈ, ਜਿਸ ਦੀ ਇਕ ਤਾਜ਼ਾ ਮਿਸਾਲ ਜ਼ਿਲੇ ਦੇ ਕਸਬਾ ਪੱਟੀ ਅਧੀਨ ਆਉਂਦੇ ਇਕ ਮੈਰਿਜ ਪੈਲੇਸ ‘ਚ ਦੋ ਨੌਜਵਾਨਾਂ ਦੀ ਹੋਈ ਛਿੱਤਰ-ਪਰੇਡ ਤੋਂ ਮਿਲਦੀ ਹੈ। ਇਨ੍ਹਾਂ ਨੌਜਵਾਨਾਂ ਦੀ ਬੇਰਹਿਮੀ ਨਾਲ ਕੀਤੀ ਕੁੱਟ-ਮਾਰ ਦਾ ਕਾਰਨ ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ’ ਦੀ ਕਹਾਵਤ ਨੂੰ ਸੱਚ ਕਰਦੀ ਨਜ਼ਰ ਆਉਂਦੀ ਹੈ।

ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਅੱਗ ਵਾਗ ਵਾਇਰਲ ਹੋਈ ਵੀਡੀਓ ‘ਚ ਦੋ ਨੌਜਵਾਨਾਂ ਜਿਨ੍ਹਾਂ ਦਾ ਪਤਾ ਨਜ਼ਦੀਕੀ ਪਿੰਡ ਕੱਚਾ ਪੱਕਾ ਹੈ, ਨੂੰ ਵਿਆਹ ਸਮਾਗਮ ਨਾਲ ਸਬੰਧਤ ਰਿਸ਼ਤੇਦਾਰਾਂ ਵੱਲੋਂ ਇਸ ਲਈ ਕੁਟਾਪਾ ਚਾੜ੍ਹਿਆ ਗਿਆ ਉਹ ਬਿਨ ਬੁਲਾਏ ਹੀ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਵੇਟਰਾਂ ਨੂੰ ਦੱਬ ਕੇ ਰੋਅਬ ਪਾ ਰਹੇ ਸਨ। ਇਸ ਦੌਰਾਨ ਜਦੋਂ ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਨੌਜਵਾਨਾਂ ‘ਤੇ ਸ਼ੱਕ ਪਿਆ ਤਾਂ ਉਨ੍ਹਾਂ ਇਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੁੰਡੇ ਵੱਲੋਂ ਆਏ ਹੋ ਜਾ ਕੁੜੀ ਵੱਲੋਂ ਤਾਂ ਇਨ੍ਹਾਂ ਦੇ ਰੰਗ ਪੀਲੇ ਪੈ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਬਸ ਫਿਰ ਕਿ ਸੀ ਇਨ੍ਹਾਂ ਨੌਜਵਾਨਾਂ ਨੂੰ ਕਬਾਬ ਦੀ ਥਾਂ ਜੁੱਤੀਆਂ ਅਤੇ ਮੁਆਫੀਆਂ ਮੰਗ ਕੇ ਜਾਨ ਛੁਡਾਉਣੀ ਪਈ। ਦੱਸਣਯੋਗ ਹੈ ਕਿ ਕਈ ਮੁਫਤਖੋਰ ਜੋ ਬਿਨ ਬੁਲਾਏ ਹੀ ਵੱਡੇ-ਵੱਡੇ ਰਿਜ਼ੋਰਟਾਂ ਅਤੇ ਪੈਲੇਸਾਂ ਵਿਚ ਹੋਣ ਵਾਲੇ ਵਿਆਹ ਸਮਾਗਮਾਂ ‘ਚ ਜਾ ਕੇ ਮੁਫਤ ਦੀਆਂ ਰੋਟੀਆਂ ਅਤੇ ਸ਼ਰਾਬਾਂ ਪੀਣ ਲਈ ਮਜਬੂਰ ਹਨ, ਉਨ੍ਹਾਂ ਨੂੰ ਇਸ ਖਬਰ ਤੋਂ ਕੁੱਝ ਸਿੱਖਣ ਦੀ ਜ਼ਰੂਰਤ ਹੈ।