ਅਮਰਨਾਥ ਯਾਤਰਾ : 5 ਹਜ਼ਾਰ ਸ਼ਰਧਾਲੂਆਂ ਨੇ ਕਰਵਾਈ ਐਡਵਾਂਸ ਬੁਕਿੰਗ

ਜੰਮੂ— ਬਾਬਾ ਭੋਲੇ ਨਾਥ ਜੀ ਦੀ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ‘ਚ ਵੱਡਾ ਉਤਸਾਹ ਹੈ। ਐਡਵਾਂਸ ਬੁਕਿੰਗ 1 ਮਾਰਚ ਤੋਂ ਸ਼ੁਰੂ ਹੋ ਚੁਕੀ ਹੈ, ਅਜੇ ਤਕ ਇਸ ਯਾਤਰਾ ਲਈ 5 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾ ਲਈ ਹੈ। ਰਜਿਸਟਰੇਸ਼ਨ ਦੀ ਪ੍ਰਕਿਰਿਆ ਯਾਤਰਾ ਸ਼ੁਰੂ ਹੋਣ ਤਕ ਚੱਲੇਗੀ। ਬੈਂਕਾਂ ‘ਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਜੰਮੂ-ਕਸ਼ਮੀਰ ਬੈਂਕ ਕੋਲ ਢਾਈ ਲੱਖ ਦਾ ਕੋਟਾ ਹੈ। 1 ਮਾਰਚ ਨੂੰ ਹੋਲੀ ਦੀਆਂ ਛੁੱਟੀਆਂ ਹੋਣ ਕਾਰਨ ਜੰਮੂ ਯਾਤਰਾ ਦੀ ਪਹਿਲਾਂ ਤੋਂ ਰਜਿਸਟਰੇਸ਼ਨ 2 ਮਾਰਚ ਤੋਂ ਸ਼ੁਰੂ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਰੱਖੜੀ ਵਾਲੇ ਦਿਨ 26 ਅਗਸਤ ਨੂੰ ਖਤਮ ਹੋਵੇਗੀ। ਯਾਤਰਾ ਪੂਰੇ 60 ਦਿਨਾਂ ਦੀ ਹੋਵੇਗੀ। ਯਾਤਰੀ ਯਾਤਰਾ ਲਈ ਪੰਜਾਬ ਨੈਸ਼ਨਲ ਬੈਂਕ, ਯੈਸ ਬੈਂਕ ਅਤੇ ਜੰਮੂ-ਕਸ਼ਮੀਰ ਬੈਂਕ ਤੋਂ ਪਹਿਲਾਂ ਹੀ ਬੁਕਿੰਗ ਕਰਵਾ ਸਕਦੇ ਹਨ। ਇਸ ਸਾਲ ਵੀ ਹਰ ਦਿਨ 7 ਤੋਂ ਸਾਢੇ 7 ਹਜ਼ਾਰ ਸ਼ਰਧਾਲੂਆਂ ਨੂੰ ਯਾਤਰਾ ਲਈ ਰਵਾਨਾ ਕੀਤਾ ਜਾਵੇਗਾ। ਅਮਰਨਾਥ ਯਾਤਰਾ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਮੈਡੀਕਲ ਸਰਟੀਫਿਕੇਟ ਜ਼ਰੂਰੀ ਕੀਤਾ ਹੈ। ਇਹ ਮੈਡੀਕਲ ਸਰਟੀਫਿਕੇਟ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਬਣਾਇਆ ਜਾ ਸਕਦਾ ਹੈ। ਜੰਮੂ ਦੇ ਗਾਂਧੀਨਗਰ ਸਰਵਾਲ ਅਤੇ ਰਾਜੀਵ ਗਾਂਧੀ ਹਸਪਤਾਲ ਗੰਗਾਲ ‘ਚ ਡਾਕਟਰਾਂ ਦੀਆਂ ਟੀਮਾਂ ਸਰਟੀਫਿਕੇਟ ਬਣਾ ਰਹੀਆਂ ਹਨ।