ਆੜ੍ਹਤੀ ਵੱਲੋਂ ਡਾਂਸਰ ਨਾਲ ਅਸ਼ਲੀਲ ਹਰਕਤਾਂ

ਲੌਂਗੋਵਾਲ,– ਬਡਬਰ ਰੋਡ ‘ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਸਟੇਜ ‘ਤੇ ਡਾਂਸ ਕਰ ਰਹੀ ਡਾਂਸਰ ਨੇ ਇਕ ਵਿਅਕਤੀ ਅਤੇ ਉਸ ਦੇ ਦੋ ਸਾਥੀਆਂ ‘ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਬਾਅਦ ਵਿਚ ਕੈਬਿਨ ਵਿਚ ਆ ਕੇ ਉਸ ਨਾਲ ਹੱਥੋਪਾਈ ਕਰਨ ਅਤੇ ਉਸ ਦੀ ਸਾਥੀ ਕਲਾਕਾਰ ਦੇ ਕੱਪੜੇ ਤੱਕ ਪਾੜ ਦੇਣ ਦੇ ਦੋਸ਼ ਲਾਏ ਹਨ ਜਦੋਂਕਿ ਦੋਸ਼ੀ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਸਬੰਧੀ ਪੀੜਤ ਲੜਕੀ ਦੇ ਬਿਆਨਾਂ ‘ਤੇ ਥਾਣਾ ਲੌਂਗੋਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਰਕੈਸਟਰਾਂ ਦੀ ਕਲਾਕਾਰ ਮਨਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਧਨੌਲਾ ਨੇ ਥਾਣਾ ਲੌਂਗੋਵਾਲ ਵਿਖੇ ਦਰਜ ਕਰਵਾਈ ਆਪਣੀ ਰਿਪੋਰਟ ‘ਚ ਦੋਸ਼ ਲਾਏ ਹਨ ਕਿ ਜਦੋਂ ਅੱਜ ਉਹ ਉਕਤ ਪੈਲੇਸ ‘ਚ ਪ੍ਰੋਗਰਾਮ ਪੇਸ਼ ਕਰ ਰਹੀ ਸੀ ਤਾਂ ਜੱਸੀ ਧਾਲੀਵਾਲ ਆੜ੍ਹਤੀਆ ਵਾਸੀ ਬਰਨਾਲਾ ਵਾਰ-ਵਾਰ ਆਪਣੇ ਨਾਂ ਦੀ ਅਨਾਊਂਸਮੈਂਟ ਕਰਵਾਉਣ ਲਈ ਸਟੇਜ ‘ਤੇ ਆਉਂਦਾ ਰਿਹਾ ਅਤੇ ਬਾਅਦ ਵਿਚ ਉਹ ਉਸ ਨੂੰ ਅਸ਼ਲੀਲ ਇਸ਼ਾਰੇ ਕਰਨ ਲੱਗ ਪਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਜਦੋਂ ਉਹ ਆਪਣੇ ਕੈਬਿਨ ‘ਚ ਚਲੀ ਗਈ ਤਾਂ ਉਕਤ ਵਿਅਕਤੀ ਆਪਣੇ ਕੁਝ ਸਾਥੀਆਂ ਨਾਲ ਉਸ ਪਿੱਛੇ ਕੈਬਿਨ ‘ਚ ਆ ਗਿਆ ਅਤੇ ਇਥੇ ਆ ਕੇ ਉਹ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।

ਉਸ ਵੱਲੋਂ ਵਿਰੋਧ ਕਰਨ ‘ਤੇ ਜਦੋਂ ਹਾਲਾਤ ਗੰਭੀਰ ਹੋ ਗਏ ਤਾਂ ਉਸ ਨੂੰ ਛੁਡਵਾਉਣ ਦੇ ਮਕਸਦ ਨਾਲ ਉਸ ਦੀ ਇਕ ਸਾਥੀ ਕਲਾਕਾਰ ਅੱਗੇ ਆਈ ਤਾਂ ਦੋਸ਼ੀ ਨੇ ਪਹਿਲਾਂ ਤਾਂ ਉਸ ਦੇ ਥੱਪੜ ਮਾਰੇ ਅਤੇ ਬਾਅਦ ਵਿਚ ਉਸ ਦੇ ਕੱਪੜੇ ਤੱਕ ਪਾੜ ਦਿੱਤੇ। ਸਮਾਗਮ ਖਤਮ ਕਰ ਕੇ ਜਦੋਂ ਉਹ ਜਾਣ ਲੱਗੇ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਨਾਲ ਫਿਰ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਜਿਥੋਂ ਕਿਸੇ ਤਰ੍ਹਾਂ ਬਚ ਕੇ ਉਨ੍ਹਾਂ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਆਪਣਾ ਮੁੱਢਲਾ ਇਲਾਜ ਕਰਵਾਇਆ।  ਕੀ ਕਹਿੰਦੇ ਹਨ ਪੁਲਸ ਅਧਿਕਾਰੀ ਛ ਥਾਣਾ ਲੌਂਗੋਵਾਲ ਵਿਖੇ ਤਾਇਨਾਤ ਐੱਸ. ਐੱਚ. ਓ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੀੜਤ ਲੜਕੀ ਮਨਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਧਨੌਲਾ ਦੇ ਬਿਆਨਾਂ ‘ਤੇ ਆਧਾਰਿਤ ਥਾਣਾ ਲੌਂਗੋਵਾਲ ਵਿਖੇ ਜੱਸੀ ਧਾਲੀਵਾਲ ਆੜ੍ਹਤੀਆ ਵਾਸੀ ਬਰਨਾਲਾ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਜੇ ਫਰਾਰ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।