15 ਪਿੰਡਾਂ ਦੇ ਵਾਟਰ ਵਰਕਸਾਂ ਵੱਲ ਪਾਵਰਕਾਮ ਦਾ 1.62 ਕਰੋੜ ਬਕਾਇਆ

ਸੰਦੌੜ – ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੇ ਵਾਟਰ ਵਰਕਸ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਸੰਕਟ ਵਿਚ ਹਨ ਅਤੇ ਆਏ ਮਹੀਨੇ ਇਨ੍ਹਾਂ ਬਿੱਲਾਂ ਦਾ ਭਾਰ ਵਧਦਾ ਹੀ ਜਾ ਰਿਹਾ ਹੈ। ਬਕਾਇਆ ਖੜ੍ਹੇ ਬਿਜਲੀ ਦੇ ਬਿੱਲਾਂ ਦੀ ਵਸੂਲੀ ਕਾਰਨ ਸਰਗਰਮ ਹੋਏ ਪਾਵਰਕਾਮ ਵਿਭਾਗ ਦੀ ਗਾਜ ਹੁਣ ਇਲਾਕੇ ਦੇ 15 ਪਿੰਡਾਂ ਦੇ ਵਾਟਰ ਵਰਕਸਾਂ ‘ਤੇ ਡਿੱਗ ਸਕਦੀ ਹੈ, ਜਿਨ੍ਹਾਂ ਵੱਲ ਪਾਵਰਕਾਮ ਵਿਭਾਗ ਦਾ 1.62 ਕਰੋੜ ਰੁਪਏ ਬਕਾਇਆ ਖੜ੍ਹਾ ਹੈ ਅਤੇ ਇਨ੍ਹਾਂ ਪਿੰਡਾਂ ਦੇ ਮੀਟਰ ਅਜੇ ਵੀ ਨਿਰਵਿਘਨ ਚਾਲੂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਦਫਤਰ ਸੰਦੌੜ (ਬਿਸ਼ਨਗੜ੍ਹ) ਅਧੀਨ ਆਉਂਦੇ ਜਿਨ੍ਹਾਂ ਪਿੰਡਾਂ ਦੇ ਵਾਟਰ ਵਰਕਸ ਵੱਲ ਫਰਵਰੀ 2018 ਤੱਕ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ, ਉਨ੍ਹਾਂ ਵਿਚ ਸੰਦੌੜ ਦੇ ਵਾਟਰ ਵਰਕਸ ਵੱਲ 2 ਲੱਖ 34 ਹਜ਼ਾਰ, ਕਲਸੀਆਂ ਵੱਲ 5 ਲੱਖ 74 ਹਜ਼ਾਰ, ਮਹੋਲੀ ਖੁਰਦ ਵੱਲ 6 ਲੱਖ 61 ਹਜ਼ਾਰ, ਪਿੰਡ ਕੰਗਣਵਾਲ ਵੱਲ 30 ਲੱਖ 4 ਹਜ਼ਾਰ, ਝੁਨੇਰ ਵੱਲ 3 ਲੱਖ 34 ਹਜ਼ਾਰ, ਧਲੇਰ ਖੁਰਦ ਵੱਲ 2 ਲੱਖ 90 ਹਜ਼ਾਰ, ਪਿੰਡ ਝੁਨੇਰ ਦੇ ਦੂਸਰੇ ਵਾਟਰ ਵਰਕਸ ਵੱਲ 14 ਲੱਖ 73 ਹਜ਼ਾਰ, ਨੱਥੋਹੇੜੀ ਵੱਲ 3 ਲੱਖ 58 ਹਜ਼ਾਰ, ਖੁਰਦ ਵੱਲ 16 ਲੱਖ 77 ਹਜ਼ਾਰ, ਮਾਣਕੀ ਵੱਲ 7 ਲੱਖ 11 ਹਜ਼ਾਰ, ਕਲਿਆਣ ਵੱਲ 2 ਲੱਖ 97 ਹਜ਼ਾਰ, ਪੰਜਗਰਾਈਆਂ ਵੱਲ 38  ਲੱਖ 36 ਹਜ਼ਾਰ, ਜਲਵਾਣਾ ਵੱਲ ਸਿਰਫ 4 ਹਜ਼ਾਰ, ਫਰਵਾਲੀ ਵੱਲ 1 ਲੱਖ 25 ਹਜ਼ਾਰ, ਕਸਬਾ ਵੱਲ 2 ਲੱਖ 58 ਹਜ਼ਾਰ ਅਤੇ ਲੋਹਟਬੱਦੀ  ਵੱਲ 24 ਲੱਖ 94 ਹਜ਼ਾਰ ਰੁਪਏ ਬਕਾਇਆ ਹੈ। ਇਨ੍ਹਾਂ ਦੇ ਨਾਲ ਹੀ ਪਾਵਰਕਾਮ ਦੇ ਬਕਾਇਆ ਬਿੱਲਾਂ ਦੀ ਸੂਚੀ ਅਨੁਸਾਰ ਪੁਲਸ ਥਾਣਾ ਸੰਦੌੜ ਵੱਲ 71 ਹਜ਼ਾਰ, ਐੱਸ. ਐੱਮ. ਓ. ਪੰਜਗਰਾਈਆਂ ਵੱਲ 80 ਹਜ਼ਾਰ, ਮਿੰਨੀ ਪੀ. ਐੈੱਚ. ਸੀ. ਲੋਹਟਬੱਦੀ ਵੱਲ 25 ਹਜ਼ਾਰ ਅਤੇ ਪੁਲਸ ਕੇਂਦਰ ਲੋਹਟਬੱਦੀ ਵੱਲ 22 ਹਜ਼ਾਰ ਰੁਪਏ ਬਕਾਇਆ ਰਹਿੰਦਾ ਹੈ, ਜਿਨ੍ਹਾਂ ਨੂੰ ਨਾ ਭਰਨ ਕਰਕੇ ਪਾਵਰਕਾਮ ਇਨ੍ਹਾਂ ਦੇ ਕੁਨੈਕਸ਼ਨ ਕਿਸੇ ਵੀ ਸਮੇਂ ਕੱਟ ਸਕਦਾ ਹੈ।

ਇਸ ਸਬੰਧੀ ਜਦੋਂ ਪਾਵਰਕਾਮ ਗਰਿੱਡ ਸੰਦੌੜ (ਬਿਸ਼ਨਗੜ੍ਹ) ਦੇ ਐੈੱਸ. ਡੀ. ਓ. ਕੁਲਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵਾਟਰ ਵਰਕਸਾਂ ਦੇ ਮੀਟਰ ਧਾਰਕਾਂ ਨੂੰ ਨਵੀਂ ਸੂਚੀ ਅਨੁਸਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।ਇਸ ਸਬੰਧੀ ਸਮਾਜ ਭਲਾਈ ਕਲੱਬ ਪੰਜਾਬ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ਲੋਕ ਭਲਾਈ ਦੀਆਂ ਗੱਲਾਂ ਕਰ ਰਹੀਆਂ ਹਨ ਅਤੇ ਕਿੰਨੀਆਂ ਹੀ ਭਲਾਈ ਸਕੀਮਾਂ ਚਲਾ ਕੇ ਲੋਕ ਸੇਵਾ ਦਾ ਨਾਅਰਾ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਪਿੰਡਾਂ ‘ਚ ਚਲਦੇ ਵਾਟਰ ਵਰਕਸ ਜਿਹੜੇ ਲੋੜਵੰਦ ਅਤੇ ਜ਼ਿਆਦਾਤਰ ਆਰਥਕ ਪੱਖੋ ਕਮਜ਼ੋਰ ਲੋਕਾਂ ਦੇ ਪਾਣੀ ਪੀਣ ਦਾ ਸਹਾਰਾ ਹਨ, ਉਨ੍ਹਾਂ ਨੂੰ ਲੋਕਾਂ ਦੇ ਬਿੱਲਾਂ ਸਹਾਰੇ ਛੱਡ ਰੱਖਿਆ ਹੈ ਜਦੋਂਕਿ ਆਏ ਮਹੀਨੇ ਲੱਖਾਂ ਰੁਪਏ ਦੇ ਬਿਜਲੀ ਬਿੱਲ ਲਾਭਪਾਤਰੀਆਂ ਦੀ 40-50 ਰੁਪਏ ਮਹੀਨਾ ਅਦਾਇਗੀ ਨਾਲ ਕਿਵੇਂ ਭਰੇ ਜਾ ਸਕਦੇ ਹਨ? ਇਸ ਲਈ ਸਾਰੇ ਪਿੰਡਾਂ ਦੇ ਵਾਟਰ ਵਰਕਸਾਂ ਦੇ ਬਿੱਲ ਵੀ ਖੇਤੀ ਮੋਟਰਾਂ ਦੀ ਤਰਜ਼ ‘ਤੇ ਮੁਆਫ ਕਰਨੇ ਚਾਹੀਦੇ ਹਨ।
ਆਏ ਮਹੀਨੇ ਵਧ ਰਹੇ ਨੇ ਬਿੱਲ
ਪਿੰਡਾਂ ‘ਚ ਚਲਦੇ ਵਾਟਰ ਵਰਕਸਾਂ ਦੇ ਬਿਜਲੀ ਬਿੱਲ ਆਏ ਮਹੀਨੇ ਵਧਦੇ ਜਾ ਰਹੇ ਹਨ ਜਦੋਂਕਿ ਇਨ੍ਹਾਂ ਨੂੰ ਉਤਾਰਨ ਦਾ ਕੋਈ ਪੁਖਤਾ ਇੰਤਜ਼ਾਮ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਵਿਭਾਗ ਨੇ ਇਨ੍ਹਾਂ ਨੂੰ ਪੰਚਾਇਤਾਂ ਹਵਾਲੇ ਕਰ ਕੇ ਆਪਣਾ ਪੱਲਾ ਝਾੜ ਲਿਆ ਹੈ ਅਤੇ ਕਈ ਪਿੰਡਾਂ ‘ਚ ਲੋਕ ਪਾਣੀ ਦਾ ਬਿੱਲ ਵੀ ਸਹੀ ਸਮੇਂ ਭਰਨ ਲਈ ਤਿਆਰ ਨਹੀਂ ਹਨ ਇਸ ਸੂਚੀ ਵਿਚੋਂ ਜਿਥੇ ਜ਼ਿਆਦਾਤਰ ਪਿੰਡਾਂ ਦੇ ਬਕਾਏ ‘ਚ ਭਾਰੀ ਵਾਧਾ ਹੋਇਆ, ਉਥੇ ਕਈ ਅਜਿਹੇ ਪਿੰਡ ਵੀ ਹਨ ਜਿਥੇ ਪਹਿਲਾਂ ਤੋਂ ਖੜ੍ਹਾ ਬਕਾਇਆ ਘੱਟ ਹੋਇਆ ਹੈ। ਇਨ੍ਹਾਂ ਵਿਚ ਜਲਵਾਣਾ, ਕਲਿਆਣ, ਫਰਵਾਲੀ ਅਤੇ ਕਸਬਾ ਆਦਿ ਪਿੰਡ ਹਨ।
ਵਾਟਰ ਸਪਲਾਈ ਵਿਭਾਗ ਨੇ ਡਿਫਾਲਟਰਾਂ ਨੂੰ ਦਿੱਤੀ ਵੱਡੀ ਰਾਹਤ

ਪਿੰਡਾਂ ਦੇ ਵਾਟਰ ਸਪਲਾਈ ਟੈਂਕੀਆਂ ਵੱਲ ਖੜ੍ਹਾ ਬਿੱਲਾਂ ਦਾ ਇਹ ਬਕਾਇਆ ਸਾਬਤ ਕਰਦਾ ਹੈ ਕਿ ਕੁਨੈਕਸ਼ਨ ਧਾਰਕਾਂ ਵੱਲੋਂ ਸਹੀ ਭੁਗਤਾਨ ਨਹੀਂ ਆ ਰਿਹਾ। ਇਸ ਲਈ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਪੰਜਾਬ ਨੇ ਆਪਣੇ ਗਾਹਕਾਂ ਨੂੰ 20 ਮਾਰਚ 2018 ਤੱਕ ਦਾ ਮੌਕਾ ਆਫਰ ਕੀਤਾ ਹੈ, ਜਿਸ ਤਹਿਤ ਜਿਹੜੇ ਕੁਨੈਕਸ਼ਨ ਧਾਰਕਾਂ ਵੱਲ ਵੱਧ ਬਕਾਇਆ ਬਿੱਲ ਖੜ੍ਹਾ ਹੈ, ਉਹ ਸਿਰਫ 2000 ( ਦੋ ਹਜ਼ਾਰ) ਰੁਪਏ ਭੁਗਤਾਨ ਕਰ ਕੇ ਬਾਕੀ ਸਾਰਾ ਮੁਆਫ ਕਰਵਾ ਸਕਦੇ ਹਨ ਪਰ ਅੱਗੇ ਤੋਂ ਨਿਰਵਿਘਨ ਬਿੱਲ ਭੁਗਤਾਨ ਕਰਨ ਲਈ ਪਾਬੰਦ ਹੋਣਗੇ। ਵਿਭਾਗ ਨੇ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਵਿਸ਼ੇਸ਼ ਮੌਕਾ ਦਿੱਤਾ ਹੈ, ਜਿਨ੍ਹਾਂ ਨੇ ਬਿਨਾਂ ਮਨਜ਼ੂਰੀ ਦੇ ਪਾਣੀ ਦਾ ਕੁਨੈਕਸ਼ਨ ਚਲਾ ਰੱਖਿਆ ਹੈ। ਅਜਿਹੇ ਵਿਅਕਤੀ ਬਿਨਾਂ ਸਕਿਓਰਿਟੀ ਆਪਣਾ ਕੁਨੈਕਸ਼ਨ ਬਿੱਲ ਭੁਗਤਾਨ ਕਰ ਕੇ ਹੀ ਰਜਿਸਟਰਡ ਕਰ ਸਕਦੇ ਹਨ।