ਪੰਜਾਬ ‘ਚ ਨਵੇਂ ਟੋਲ ਪਲਾਜ਼ੇ ਲੱਗਣ ਨਾਲ ਲੋਕਾਂ ਨੂੰ ਆਰਥਕ ਬੋਝ ਝੱਲਣਾ ਪਵੇਗਾ

ਪਾਤੜਾਂ –  ਪੰਜਾਬ ਅੰਦਰ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਲਾਏ ਜਾ ਰਹੇ ਟੋਲ ਪਲਾਜ਼ਿਆਂ ਕਾਰਨ ਆਉਣ ਵਾਲੇ ਸਮੇਂ ਅੰਦਰ ਆਰਥਕ ਤੌਰ ‘ਤੇ ਲੋਕਾਂ ਦਾ ਧੂੰਆਂ ਕੱਢਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜ਼ਿਲਾ ਸੰਗਰੂਰ ਦੇ ਸ਼ਹਿਰ ਖਨੌਰੀ ਤੋਂ ਲੈ ਕੇ ਲੁਧਿਆਣੇ ਤੱਕ ਤਕਰੀਬਨ 120 ਕਿਲੋਮੀਟਰ ਸਫਰ ਬਣਦਾ ਹੈ। ਇਸ ਸੜਕ ‘ਤੇ 3 ਟੋਲ ਪਲਾਜ਼ੇ ਲੱਗ ਚੁੱਕੇ ਹਨ। ਜਿਨ੍ਹਾਂ ਵਿਚੋਂ ਦੋ ਸੰਗਰੂਰ ਤੋਂ ਲੈ ਕੇ ਲੁਧਿਆਣੇ ਤੱਕ ਰਾਜ ਮਾਰਗ ‘ਤੇ ਚੱਲ ਰਹੇ ਹਨ। ਇਕ ਹੋਰ ਟੋਲ-ਪਲਾਜ਼ਾ ਨੈਸ਼ਨਲ ਹਾਈਵੇ ‘ਤੇ ਪਟਿਆਲੇ ਦੇ ਪਿੰਡ ਜੋਗੇਵਾਲ ਕੋਲ ਇਸੇ ਮਹੀਨੇ ਦੇ ਅਖੀਰ ਤੱਕ ਲੱਗ ਜਾਵੇਗਾ।

ਦੋ ਹੋਰ ਟੋਲ-ਪਲਾਜ਼ੇ ਜ਼ੀਰਕਪੁਰ ਅਤੇ ਰਾਜਪੁਰਾ ਵਿਚਕਾਰ ਲਾਏ ਜਾ ਚੁੱਕੇ ਹਨ। ਇਹ ਵੀ ਤਕਰੀਬਨ ਪਰਚੀ ਕੱਟਣ ਲਈ ਤਿਆਰ ਹੋ ਚੁੱਕੇ ਹਨ। ਇਸੇ ਤਰ੍ਹਾਂ ਬਠਿੰਡੇ ਤੋਂ ਚੰਡੀਗੜ੍ਹ ਤੱਕ ਦੇ ਸਫਰ ਦੌਰਾਨ ਵਾਹਨ ਚਾਲਕਾਂ ਨੂੰ ਤਕਰੀਬਨ ਅੱਧੀ ਦਰਜਨ ਟੋਲ-ਪਲਾਜ਼ਿਆਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿਚ ਟੋਲ ਪਲਾਜ਼ੇ ਲਾ ਕੇ ਲੋਕਾਂ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਰ. ਟੀ. ਆਈ. ਮਾਹਰ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਰਾਜ ਵਿਚ ਟੋਲ-ਪਲਾਜ਼ਿਆਂ ਦਾ ਜਾਲ ਇਸ ਕਦਰ ਵਿਛਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਲੋਕ ਇਨ੍ਹਾਂ ਦੇ ਗੁਲਾਮ ਹੋ ਕੇ ਰਹਿ ਜਾਣਗੇ।

ਲੋਕਾਂ ‘ਤੇ ਟੋਲ-ਪਲਾਜ਼ਿਆਂ ਦਾ ਵਾਧੂ ਭਾਰ ਪੈਣ ਨਾਲ ਆਰਥਕ ਮੰਦਹਾਲੀ ਦਾ ਦੌਰ ਪੈਦਾ ਹੋਵੇਗਾ ਕਿਉਂਕਿ ਇਕੱਲੇ ਬਰਨਾਲਾ ਜ਼ਿਲੇ ਤੋਂ ਲੈ ਕੇ ਜ਼ੀਰਕਪੁਰ ਤੱਕ 4 ਟੋਲ-ਪਲਾਜ਼ੇ ਲਾਏ ਜਾ ਚੁੱਕੇ ਹਨ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਪਾਤੜਾਂ ਤੋਂ ਪਟਿਆਲਾ ਜਾਣ ਵਾਲੀ ਸੜਕ ‘ਤੇ ਰੋਹਨ ਰਾਜਦੀਪ ਨਾਂ ਦੀ ਇਕ ਫਰਮ ਵੱਲੋਂ ਲਾਏ ਗਏ ਟੋਲ-ਪਲਾਜ਼ੇ ਸਬੰਧੀ ਜਾਣਕਾਰੀ ਮੰਗੀ ਗਈ ਸੀ।ਇਸ ਵਿਚ ਦੱਸਿਆ ਗਿਆ ਹੈ ਕਿ ਟੋਲ-ਪਲਾਜ਼ੇ ਦੀ ਸ਼ੁਰੂਆਤ 6-3-2007 ਨੂੰ ਕੀਤੀ ਗਈ ਸੀ ਅਤੇ 31-3-2022 ਤੱਕ ਇਸ ਨੂੰ ਚਲਾਇਆ ਜਾਣਾ ਹੈ। ਇਸ ਸੜਕ ਨੂੰ ਬਣਾਉਣ ਲਈ 51.36 ਕਰੋੜ ਰੁਪਏ ਖਰਚ ਕੀਤੇ ਗਏ ਸਨ।