ਅਧਿਕਾਰੀਆਂ ਦੇ ਸਾਹਮਣੇ ਮਾਫੀਆ ਦੇ ਲੋਕ ਟਿੱਪਰਾਂ ‘ਚ ਭਰਦੇ ਰਹੇ ਰੇਤ

ਫਿਲੌਰ, – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੁਪਹਿਰ 1 ਵਜੇ ਸਤਲੁਜ ਦਰਿਆ ਦਾ ਹੈਲੀਕਾਪਟਰ ਰਾਹੀਂ ਨਿਰੀਖਣ ਕਰ ਕੇ ਨਾਜਾਇਜ਼ ਮਾਈਨਿੰਗ ਹੁੰਦੀ ਦੇਖ ਕੇ ਜਿਉਂ ਹੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ, ਤੁਰੰਤ ਥੱਲੇ ਤੋਂ ਲੈ ਕੇ ਉੱਪਰ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ‘ਚ ਹਫੜਾ-ਦਫੜੀ ਮਚ ਗਈ।  ਮੁੱਖ ਮੰਤਰੀ ਵੱਲੋਂ ਦਿਖਾਈ ਸਖ਼ਤੀ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਐੱਸ. ਡੀ. ਐੱਮ. ਫਿਲੌਰ ਵਰਿੰਦਰ ਬਾਜਵਾ, ਤਹਿਸੀਲਦਾਰ ਤਪਨ ਭਨੋਟ, ਮਾਈਨਿੰਗ ਅਫਸਰ ਮਹੇਸ਼ ਖੰਨਾ ਪੁਲਸ ਟੀਮ ਨਾਲ ਦਰਿਆ ਦੇ ਇਲਾਕੇ ਦੀ ਘੇਰਾਬੰਦੀ ਕਰ ਕੇ ਰੇਤ ਮਾਫੀਆ ਦੇ ਲੋਕਾਂ ਨੂੰ ਫੜਨ ਲਈ ਜਿਉਂ ਹੀ ਜਾਲ ਵਿਛਾਇਆ ਤਾਂ ਅਧਿਕਾਰੀਆਂ ਦੇ ਆਉਣ ਦੀ ਭਿਣਕ ਪੈਂਦੇ ਹੀ ਮਾਫੀਆ ਦੇ ਲੋਕ ਗੱਡੀਆਂ ਸਮੇਤ ਉਥੋਂ ਭੱਜ ਗਏ। ਉਸੇ ਸਮੇਂ ਐੱਸ. ਡੀ. ਐੱਮ. ਬਾਜਵਾ ਨੂੰ ਸੂਚਨਾ ਮਿਲੀ ਕਿ ਝੰਡੀ ਪੀਰ ਕੋਲ ਪੈਂਦੇ ਪਿੰਡ ਕਡਿਆਣਾ ਦੇ ਨੇੜੇ ਦਰਿਆ ‘ਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਜਿਉਂ ਹੀ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀ ਉਥੇ ਪੁੱਜੇ ਤਾਂ ਉਥੇ ਸ਼ਰੇਆਮ ਨਾਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪੁਲਸ ਉਨ੍ਹਾਂ ਨੂੰ ਫੜਨ ‘ਚ ਇਸ ਲਈ ਸਫਲ ਨਹੀਂ ਹੋ ਸਕੀ, ਕਿਉਂਕਿ ਮਾਫੀਆ ਅਤੇ ਪੁਲਸ ਦਰਮਿਆਨ ਦਰਿਆ ਦਾ ਡੂੰਘਾ ਪਾਣੀ ਆ ਗਿਆ, ਜਿਸ ਨੂੰ ਪੁਲਸ ਮੁਲਾਜ਼ਮ ਪਾਰ ਕਰਨ ‘ਚ ਕਾਮਯਾਬ ਨਹੀਂ ਹੋ ਸਕੇ। ਉਸੇ ਸਮੇਂ ਐੱਸ. ਡੀ. ਐੱਮ. ਬਾਜਵਾ ਨੇ ਲੁਧਿਆਣਾ ਦੇ ਪੁਲਸ-ਪ੍ਰਸ਼ਾਸਨ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਤੁਰੰਤ ਫੜਨ ਲਈ ਕਿਹਾ। ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਉਹ ਲੋਕ ਬਚ ਕੇ ਨਿਕਲਣ ‘ਚ ਕਾਮਯਾਬ ਹੋ ਗਏ ਪਰ ਉਨ੍ਹਾਂ ਦਾ ਇਕ ਟਿੱਪਰ ਅਤੇ ਕਾਰ ਉਥੇ ਰੇਤੇ ‘ਚ ਫਸ ਗਈ। ਐੱਸ. ਡੀ. ਐੱਮ. ਬਾਜਵਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ‘ਤੇ ਉਹ ਤੁਰੰਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਮਸ਼ੀਨਰੀ ਅਤੇ ਗੱਡੀਆਂ ਵੀ ਜ਼ਬਤ ਕਰਨਗੇ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉਹ ਲੁਧਿਆਣਾ ਪ੍ਰਸ਼ਾਸਨ ਨਾਲ ਸੰਪਰਕ ਕਰ ਕੇ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਨ ਕਿ ਜਿਸ ਜਗ੍ਹਾ ‘ਤੇ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚੱਲ ਰਿਹਾ ਸੀ, ਉਹ ਕਿਸ ਜ਼ਿਲੇ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੇਤ ਮਾਫੀਆ ‘ਤੇ ਸਖ਼ਤੀ ਨਾਲ ਸ਼ਿਕੰਜਾ ਕੱਸਣ ਦੇ ਮੂਡ ਵਿਚ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੈਲੀਕਾਪਟਰ ਰਾਹੀਂ ਕੀਤੇ ਦੌਰੇ ਤੋਂ ਬਾਅਦ ਜਿਵੇਂ ਹੀ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਤਾਂ ਸੀ. ਐੱਮ. ਦਫਤਰ ਤੋਂ ਬਕਾਇਦਾ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਖੇਤਰ ਵਿਚ ਕਿਸ ਜਗ੍ਹਾ ‘ਤੇ ਨਾਜਾਇਜ਼ ਰੇਤ ਖੋਦਾਈ ਦਾ ਕੰਮ ਚੱਲ ਰਿਹਾ ਹੈ, ਉਸ ਦੀ ਫੋਨ ‘ਤੇ ਲੋਕੇਸ਼ਨ ਭੇਜ ਕੇ ਤੁਰੰਤ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾ ਰਹੇ ਸਨ। ਇਹ ਸਭ ਸੀ. ਐੱਮ. ਦਫਤਰ ਦੇ ਅਧਿਕਾਰੀ ਇਸ ਲਈ ਕਰ ਰਹੇ ਸਨ ਕਿਤੇ ਹੇਠਲੇ ਪੱਧਰ ‘ਤੇ ਅਧਿਕਾਰੀ ਉਨ੍ਹਾਂ ਨੂੰ ਗੁੰਮਰਾਹ ਨਾ ਕਰ ਸਕਣ।