ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਹੋਣ ਦਾ ਹੋਕਾ ਦਿੰਦੀ ਪੋਸਟਰ ਪ੍ਰਦਰਸ਼ਨੀ

ਬਰਨਾਲਾ – ਇਸਤਰੀ ਜਾਗ੍ਰਿਤੀ ਮੰਚ ਪੰਜਾਬ ਵੱਲੋਂ ਬਰਨਾਲਾ ਵਿਖੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਲਾਮਬੰਦ ਕਰਨ ਦੇ ਲਈ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਭਲਕੇ ਔਰਤਾਂ ਪ੍ਰਤੀ ਹੋਣ ਵਾਲੀ ਪੋਸਟਰ ਪ੍ਰਦਰਸ਼ਨੀ ਦੇ ਪੋਸਟਰਾਂ ਨੂੰ ਵੀ ਰਿਲੀਜ਼ ਕੀਤਾ। ਇਸ ਮੌਕੇ ਔਰਤਾਂ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਮੀਤ ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਕਿ ਮਰਦ ਪ੍ਰਧਾਨ ਸਮਾਜ ਅੰਦਰ ਔਰਤਾਂ ਦਾ ਹਰ ਪੱਧਰ ਉੱਪਰ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਪ੍ਰਤੀ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਪੁੱਤਰ ਪ੍ਰਾਪਤੀ ਦੀ ਚਾਹ ਸਮਾਜ ਅੰਦਰ ਦਿਨੋਂ ਦਿਨ ਵਧਦੀ ਜਾ ਰਹੀ ਹੈ ਜਦਕਿ ਅੱਜ ਦੇ ਸਮੇਂ ਅੰਦਰ ਕੁੜੀਆਂ ਵੀ ਕਿਸੇ ਖੇਤਰ ਵਿੱਚ ਮੁੰਡਿਆ ਨਾਲੋਂ ਘੱਟ ਨਹੀਂ ਹਨ।ਉਨ੍ਹਾਂ ਆਏ ਦਿਨ ਹੋ ਰਹੀਆਂ ਭਰੂਣ ਹੱਤਿਆਵਾਂ ਉੱਪਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਾਖੜੀ ਕਦਰਾਂ ਕੀਮਤਾਂ ਨੂੰ ਛੱਡ ਕੇ ਕੁੜੀਆਂ ਨੂੰ ਜਨਮ ਦੇ ਕੇ ਮੁੰਡਿਆਂ ਬਰਾਬਰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਔਰਤਾਂ ਦਾ ਸ਼ੋਸ਼ਣ ਕਰ ਕੇ ਉਨ੍ਹਾਂ ਉੱਪਰ ਜਬਰ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਨੂੰ ਉਜਾਗਰ ਕਰਦੇ ਸਲੋਗਨ ਅਤੇ ਪੋਸਟਰ ਪ੍ਰਦਰਸ਼ਨੀ ਡੀਸੀ ਕੰਪਲੈਕਸ, ਅਗਰਸੈਨ ਚੌਕ, ਰੇਲਵੇ ਸਟੇਸ਼ਨ ਵਿਖੇ ਲਗਾਈ ਜਾ ਰਹੀ ਹੈ।

ਇਸ ਮੌਕੇ ਦਸਤਕ ਰੰਗ ਮੰਚ ਵੱਲੋਂ ਨਿਰਦੇਸ਼ਕ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਨਾਟਕ ਵੀ ਖੇਡਿਆ ਜਾਵੇਗਾ। 10 ਅਤੇ 14 ਮਾਰਚ ਨੂੰ ਕ੍ਰਮਵਾਰ ਸੇਖਾ ਅਤੇ ਖੇੜੀ ਵਿਖੇ ਔਰਤਾਂ ਨੂੰ ਪਿਛਾਖੜੀ ਕਦਰਾਂ ਕੀਮਤਾਂ ਦੇ ਬੰਧਨਾਂ ਚੋਂ ਮੁਕਤੀ ਵਿਸ਼ੇ ਉੱਪਰ ਸੈਮੀਨਾਰ ਵੀ ਕਰਵਾਏ ਜਾਣਗੇ। ਇਸ ਮੌਕੇ ਗਮਦੂਰ ਕੌਰ, ਨਿਰਮਲਾ ਦੇਵੀ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਜਸਲੀਨ ਕੌਰ, ਰਾਜ ਕੌਰ, ਅਨੀਤਾ, ਅਮਨ ਖੇੜੀ, ਮਮਤਾ ਸੇਖਾ, ਬਲਜੀਤ ਕੌਰ, ਕੁਲਵੰਤ ਕੌਰ, ਸ਼ਿੰਦਰ ਕੌਰ, ਸਰਬਜੀਤ ਕੌਰ ਹਾਜ਼ਰ ਸਨ।