ਬਰਾਬਰ ਕੰਮ ਬਰਾਬਰ ਤਨਖ਼ਾਹ ਨੂੰ ਜਲਦ ਕੀਤਾ ਜਾਵੇ ਲਾਗੂ: ਹਰਬੰਸ ਦੀਦਾਰਗੜ੍ਹ 

ਬਰਨਾਲਾ  –  ਇੰਪਲਾਈਜ਼ ਫੈਡਰੈਸ਼ਨ ਪਾਵਰਕੋਮ (ਕੇਸਰੀ ਝੰਡਾ) ਦੀਆਂ ਤਿੰਨੋਂ ਡਵੀਜ਼ਨਾਂ ਸ਼ਹਿਰੀ/ਦਿਹਾਤੀ ਅਤੇ ਗਰਿੱਡ ਮੇਨਟੇਨੈਂਸ ਡਵੀਜ਼ਨ ਦੀ ਮੀਟਿੰਗ ਸਰਕਲ ਪ੍ਰਧਾਨ ਸ. ਹਰਬੰਸ ਸਿੰਘ ਦੀਦਾਰਗੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਗੂ ਨੇ ਕਿਹਾ ਕਿ ਪਾਵਰ ਕੌਮ ਵਿੱਚ ਠੇਕੇ ਤੇ ਕੰਮ ਕਰ ਰਹੇ ਲਾਈਨਮੈਨ/ਐਸ.ਐਸ.ਏ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਬਰਾਬਰ ਕੰਮ ਅਤੇ ਬਰਾਬਰ ਤਨਖ਼ਾਹ ਨੂੰ ਲਾਗੂ ਕੀਤਾ ਜਾਵੇ ਅਤੇ ਸਹਾਇਕ ਲਾਈਨਮੈਨਾਂ ਦੀ ਭਰਤੀ ਤੁਰੰਤ ਕੀਤੀ ਜਾਵੇ।ਸਹਾਇਕ ਲਾਈਨਮੈਨ ਤੋਂ ਲਾਈਨਮੈਨ ਦੀਆਂ ਤਰੱਕੀਆਂ ਛੇਤੀ ਕੀਤੀਆਂ ਜਾਣ।

ਇਹਨਾਂ ਤੋਂ ਇਲਾਵਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਰਿੱਡ ਡਵੀਜ਼ਨ ਆਗੂ ਦਲਜੀਤ ਸਿੰਘ ਨੇ ਕਿਹਾ ਕਿ ਗਰਿੱਡ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਗਰਿੱਡਾਂ ਤੇ ਇਕੱਲਾ-ਇਕੱਲਾ ਕਰਮਚਾਰੀ ਡਿਊਟੀ ਕਰ ਰਿਹਾ ਹੈ ਉਸ ਨਾਲ ਦਿਨ ਅਤੇ ਰਾਤ ਕੋਈ ਵੀ ਨਹੀਂ ਹੁੰਦਾ।ਨਾ ਹੀ ਕੋਈ ਸਕਿਓਰਟੀ ਦਾ ਪ੍ਰਬੰਧ ਹੈ।ਸੋ ਤੁਰੰਤ ਗਰਿੱਡਾਂ ਤੇ ਭਰਤੀ ਕੀਤੀ ਜਾਵੇ।ਸਬ-ਸਟੇਸ਼ਨਾਂ ਨੂੰ ਸਕਾਡਾ ਅਧੀਨ ਲਿਆ ਕੇ ਪੋਸਟਾਂ ਸਰਪਲੱਸ ਕਰਨ ਦੀ ਨਿਖੇਧੀ ਕੀਤੀ ਗਈ।ਇਸ ਮੌਕੇ ਡਵੀਜ਼ਨ ਆਗੂ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ।

ਡੀ.ਏ.ਦਾ ਰਹਿੰਦਾ ਬਕਾਇਆ ਦੇਣ ਦੀ ਬਜਾਏ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਰਹੀ।ਉਨ੍ਹਾਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ ਅਗਰ 10 ਮਾਰਚ ਨੂੰ ਪਾਵਰਕਾਮ ਦੀ ਮੈਨੇਜਮੈਂਟ ਨਾਲ ਹੋਣ ਵਾਲੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਅੰਤ ਵਿੱਚ ਡਵੀਜ਼ਨ ਆਗੂ ਗੁਰਲਾਲ ਸਿੰਘ ਧੌਲ਼ਾ ਨੇ ਆਏ ਕਰਮਚਾਰੀਆਂ ਦਾ ਧੰਨਵਾਦ ਕੀਤਾ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੌਰਵ ਕੁਮਾਰ ਭਦੌੜ,ਰਮੇਸ਼ ਕੁਮਾਰ, ਜਗਤਾਰ ਧੌਲ਼ਾ, ਬੂਟਾ ਧਨੌਲਾ ਨੇ ਸੰਬੋਧਨ ਕੀਤਾ।