‘ਹਿਮਾਚਲ’ ‘ਚ ਵੀ ਬਾਦਲਾਂ ਦੀ ਪੂਰੀ ਚੜ੍ਹਾਈ!

ਧਰਮਸ਼ਾਲਾ: ਟਰਾਂਸਪੋਰਟ ਦੇ ਧੰਦੇ ‘ਚ ਪੰਜਾਬ ਦੇ ਨਾਲ-ਨਾਲ ਬਾਦਲ ਪਰਿਵਾਰ ਦੀ ਹਿਮਾਚਲ ‘ਚ ਵੀ ਪੂਰੀ ਚੜ੍ਹਾਈ ਹੈ। ਹਿਮਾਚਲ ਦੀ ਇੰਡੋ-ਕੈਨੇਡੀਅਨ ਕੰਪਨੀ ਦੇ ਸੂਤਰਾਂ ਮੁਤਾਬਕ ਬਾਦਲ ਪਰਿਵਾਰ ਦੀਆਂ ਕਈ ਛੋਟੀਆਂ ਤੇ ਦਰਮਿਆਨੀਆਂ ਵਾਲਵੋ ਬੱਸਾਂ ਰੋਜ਼ਾਨਾ ਹਿਮਾਚਲ ਤੋਂ ਦਿੱਲੀ ਲਈ ਚੱਲ ਰਹੀਆਂ ਹਨ। ਚੋਣਾਂ ਦੌਰਾਨ ਦਿੱਤੇ ਹਲਫਨਾਮੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ‘ਮੈਟਰੋ ਗਰੀਨ ਰਿਜ਼ੋਰਟ ਲਿਮਟਿਡ’ ਦੇ ਭਾਈਵਾਲ ਹਨ ਅਤੇ ਇਸ ਕੰਪਨੀ ਨੇ ਹਿਮਾਚਲ ‘ਚ ਸਵਾਗਤਮ, ਲਕਸ਼ਮੀ ਹਾਲੀਡੇਅ, ਨਾਰਦਰਨ ਟ੍ਰੈਵਲਰਜ਼, ਤਨਿਸ਼ਕ ਟ੍ਰੈਵਲਰਜ਼ ਅਤੇ ਅਪਸਰਾ ਟ੍ਰੈਵਲਰਜ਼ ਖਰੀਦ ਲਈਆਂ ਹਨ। ਇਨ੍ਹਾਂ ਕੰਪਨੀਆਂ ਵਲੋਂ ਰੋਜ਼ਾਨਾ ਚਾਰ ਤੋਂ ਵੀਹ ਬੱਸਾਂ ਮਨਾਲੀ, ਧਰਮਸ਼ਾਲਾ ਅਤੇ ਦਿੱਲੀ ਵੱਲ ਚਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਬਾਦਲ ਪਰਿਵਾਰ ਨੇ ਹਿਮਾਚਲ ‘ਚ ਵੀ ਅੱਧੀ ਦਰਜਨ ਤੋਂ ਵੱਧ ਟਰਾਂਸਪੋਰਟ ਕੰਪਨੀਆਂ ਖਰੀਦ ਲਈਆਂ ਹਨ।