ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਸੀ ਬੱਚੀ ਦੀ ਹੱਤਿਆ

ਜਲੰਧਰ, (ਮੁਨੀਸ਼, ਹੇਮੰਤ)— ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 7 ਸਾਲਾ ਇਕ ਬੱਚੀ ਦੀ ਲਾਸ਼ ਗੰਨੇ ਦੇ ਖੇਤਾਂ ਵਿਚੋਂ ਬਰਾਮਦ ਹੋਈ, ਜਿਸ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕੀਤੀ ਗਈ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੜਾ ਪਿੰਡ ਵਿਚ ਐਤਵਾਰ ਨੂੰ ਇਕ ਸੱਤ ਸਾਲਾ ਲੜਕੀ ਲਕਸ਼ਮੀ ਕੁਮਾਰੀ ਪੁੱਤਰੀ ਭਰਤ  ਰਾਵਤ ਜੋ ਪਹਿਲੀ ਕਲਾਸ ਦੀ ਵਿਦਿਆਰਥਣ ਸੀ, ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਲਗਭਗ 10 ਵਜੇ ਉਹ ਅਚਾਨਕ ਗਾਇਬ ਹੋ ਗਈ। ਲੜਕੀ ਦੇ ਪਿਤਾ ਭਰਤ ਰਾਵਤ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੀ ਲੜਕੀ ਨੂੰ ਕਾਫੀ ਲੱਭਿਆ, ਪਿੰਡ ਵਿਚ ਅਨਾਊਂਸਮੈਂਟ ਵੀ ਕਰਵਾਈ ਪਰ ਜਦੋਂ ਉਹ ਨਹੀਂ ਲੱਭੀ ਤਾਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ। ਸੋਮਵਾਰ ਸਵੇਰੇ ਪਿੰਡ ਦੇ ਬਾਹਰ ਗੰਨੇ ਦੇ ਖੇਤਾਂ ਵਿਚ ਇਕ ਨੌਜਵਾਨ ਨੇ ਬੱਚੀ ਦੀ ਲਾਸ਼ ਵੇਖੀ। ਲਾਸ਼ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਤੇ ਲਾਸ਼ ਦੀ ਪਛਾਣ ਕਰਵਾਉਣ ‘ਤੇ ਉਹ ਮਾਸੂਮ ਲਕਸ਼ਮੀ ਕੁਮਾਰੀ ਦੀ ਨਿਕਲੀ।

 

ਪਿੰਡ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਕੈਮਰਿਆਂ ਨੂੰ ਪੁਲਸ ਨੇ ਖੰਗਾਲਿਆ ਹੈ, ਜਿਸ ਵਿਚ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਜਲਦੀ ਹੀ ਪੁਲਸ ਇਸ ਮਾਮਲੇ ਨੂੰ ਹੱਲ ਕਰ ਲਵੇਗੀ। ਘਟਨਾ ਤੋਂ ਬਾਅਦ ਮੌਕੇ ‘ਤੇ ਐੱਸ. ਐੱਸ. ਪੀ. ਬਲਕਾਰ ਸਿੰਘ, ਫਿੰਗਰ ਪ੍ਰਿੰਟ ਟੀਮ, ਸੀ. ਆਈ. ਏ. ਸਟਾਫ, ਐੱਸ. ਐੱਚ. ਓ. ਪਰਮਿੰਦਰ ਸਿੰਘ ਪੁੱਜੇ। ਐੱਸ. ਪੀ. ਡੀ. ਬਲਕਾਰ ਸਿੰਘ ਨੇ ਦੱਸਿਆ ਕਿ ਲਾਸ਼ ਦੇਖਣ ‘ਤੇ ਲੱਗਦਾ ਹੈ ਕਿ ਪਹਿਲਾਂ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਬਾਅਦ ਵਿਚ ਰੁਮਾਲ ਨਾਲ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਲਾਸ਼ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀ ਹੈ। ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਸ ਨੇ ਲੜਕੀ ਲਕਸ਼ਮੀ ਕੁਮਾਰੀ ਦੇ ਪਿਤਾ ਭਰਤ ਰਾਵਤ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਗੋਰਾਇਆ ਵਿਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਹੱਤਿਆ ਤੇ ਦੁਸ਼ਕਰਮ ਦਾ ਮਾਮਲਾ ਦਰਜ ਕਰ ਲਿਆ ਹੈ।