ਉੱਤਰ ਸ਼ੀਟ ਲੈ ਕੇ ਫਰਾਰ ਹੋਏ ਵਿਦਿਆਰਥੀ ਨੂੰ ਪੁਲਸ ਨੇ ਕੀਤਾ ਕਾਬੂ

ਝਬਾਲ– ਤਰਨਤਾਰਨ ਜ਼ਿਲੇ ਦੇ ਪਿੰਡ ਝਾਮਕਾ ਖੁਦਰ ਵਿਖੇ ਬਣੇ ਪ੍ਰੀਖਿਆ ਕੇਂਦਰ ‘ਚੋਂ ਇਕ ਵਿਦਿਆਰਥੀ ਵਲੋਂ ਉੱਤਰ ਸ਼ੀਟ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਂਲਾਕਿ ਕੇਂਦਰ ਦੇ ਸੁਪਰਡੈਂਟ ਦੀ ਸ਼ਿਕਾਇਤ ਦੇ ਅਧਾਰ ‘ਤੇ ਪੁਲਸ ਨੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਉੱਤਰ ਸ਼ੀਟ ਬਰਾਮਦ ਕਰਕੇ ਉਸ ਵਿਰੋਧ ਕੇਸ ਦਰਜ ਕਰਨ ਦਾ ਦਾਅਵਾ ਤਾ ਕੀਤਾ ਹੈ ਪਰ ਇਹ ਮਾਮਲਾ ਸਿੱਖਿਆ ਵਿਭਾਗ ਦੇ ਕੀਤੇ ਗਏ ਨਕਲ ਰੋਕੂ ਸਖਤ ਪ੍ਰਬੰਧਾਂ ਦੀ ਸਾਫ ਪੋਲ ਖੋਲ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਝਾਮਕਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰ ‘ਚ 3 ਮਾਰਚ ਨੂੰ 5:15 ਵਜੇ ਪੰਜਾਬੀ ਦਾ ਪੇਪਰ ਸੀ। ਇਸ ਦੌਰਾਨ ਇਕ ਵਿਦਿਆਰਥੀ ਸੁਖਵੰਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਪੱਧਰੀ ਖੁਰਦ ਰੋਲ ਨੰਬਰ 2018291195 ਪੇਪਰ ਦੇਣ ਲਈ ਪੁੱਜਾ ਸੀ, ਜਿਸ ਤਰ੍ਹਾਂ ਹੀ ਉੱਤਰ ਸੀਟ ਉਸ ਨੂੰ ਮਿਲੀ ਤਾਂ ਉਹ ਆਪਣੀ ਉੱਤਰ ਸੀਟ ਇਸ ਕਰਕੇ ਲੈ ਕੇ ਫਰਾਰ ਹੋ ਗਿਆ ਕਿਉਂਕਿ ਪੇਪਰਾਂ ‘ਚ ਨਕਲ ਨਾ ਵੱਜਣ ‘ਤੇ ਸਖਤੀ ਨਾਲ ਸਿਕੰਜ਼ਾ ਕੱਸਿਆ ਹੋਇਆ ਸੀ। ਥਾਣਾ ਮੁੱਖੀ ਝਬਾਲ ਇੰਸ. ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਰਵੀਂ ਕਲਾਸ ਦੇ ਉਕਤ ਵਿਦਿਆਰਥੀ ਸੁਖਵੰਤ ਸਿੰਘ ਵਿਰੋਧ ਕੇਂਦਰ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਉਸ ਨੂੰ ਉੱਤਰ ਸੀਟ ਸਮੇਤ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ