ਨੌਜਵਾਨ ਲੜਕੀ-ਲੜਕੇ ਦੀਆਂ ਮਿਲੀਆਂ ਲਾਸ਼ਾਂ

ਹੁਸ਼ਿਆਰਪੁਰ: ਥਾਣਾ ਬੁੱਲ੍ਹੋਵਾਲ ਅਧੀਨ ਪਿੰਡ ਨੰਦਾਚੌਰ ਦੇ ਬਾਹਰਵਾਰ ਬੀਤੇ ਦਿਨੀਂ ਸਵੇਰੇ 8 ਵਜੇ ਦੇ ਕਰੀਬ ਲੋਕਾਂ ਨੇ ਇਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਪਈਆਂ ਦੇਖੀਆਂ, ਜੋ ਪਿੰਡ ਵਾਸੀ ਦੀਕਸ਼ਾ ਤੇ ਜਤਿੰਦਰ ਕੁਮਾਰ ਦੀਆਂ ਸਨ। ਲੋਕਾਂ ਨੇ ਇਸ ਦੀ ਸੂਚਨਾ ਥਾਣਾ ਬੁੱਲ੍ਹੋਵਾਲ ਨੂੰ ਦਿੱਤੀ। ਏ. ਐੱਸ. ਆਈ. ਸੰਜੀਵ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਲਾਸ਼ਾਂ ਕੋਲ ਪਈ ਸਲਫਾਸ ਦੀ ਇਕ ਗੋਲੀ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਮ੍ਰਿਤਕਾ ਦੀਕਸ਼ਾ ਦਾ 4 ਮਾਰਚ ਨੂੰ ਵਿਆਹ ਸੀ।
ਦੱਸਣਯੋਗ ਹੈ ਕਿ 21 ਸਾਲਾ ਦੀਕਸ਼ਾ ਪੁੱਤਰੀ ਅਵਿਨਾਸ਼ ਪੁਰੀ, ਜੋ ਕਿ ਨੰਦਾਚੌਰ ਕਾਲਜ ‘ਚ ਬੀ. ਏ. ਦੂਜੇ ਸਾਲ ਦੀ ਵਿਦਿਆਰਥਣ ਸੀ ਅਤੇ ਲੜਕਾ ਜਤਿੰਦਰ ਕੁਮਾਰ (27) ਪੁੱਤਰ ਕਸ਼ਮੀਰੀ ਲਾਲ ਨੰਦਾਚੌਰ ਦੇ ਬਾਜ਼ਾਰ ਵਿਚ ਹੀ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਰਾਤੀਂ ਅਸੀਂ ਸਾਰੇ ਖਾਣਾ ਖਾ ਕੇ ਸੌਂ ਗਏ ਸੀ। ਜਦੋਂ ਸਵੇਰੇ ਦੀਕਸ਼ਾ ਘਰ ਵਿਚ ਨਾ ਮਿਲੀ ਤਾਂ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਦੀਕਸ਼ਾ ਤੇ ਜਤਿੰਦਰ ਦੀਆਂ ਲਾਸ਼ਾਂ ਖੇਤਾਂ ਵਿਚ ਪਈਆਂ ਹਨ।

ਪੁਲਸ ਅਨੁਸਾਰ ਦੋਵਾਂ ਦਾ ਇਕੱਠਿਆਂ ਮਰਨਾ ਅਤੇ ਕੋਲੋਂ ਸਲਫਾਸ ਦੀ ਗੋਲੀ ਮਿਲਣ ਤੋਂ ਸਾਫ ਪਤਾ ਲੱਗਦਾ ਹੈ ਕਿ ਦੋਵਾਂ ਨੇ ਇਹ ਫੈਸਲਾ ਆਪਣੀ ਮਰਜ਼ੀ ਨਾਲ ਲਿਆ। ਪਰ ਮ੍ਰਿਤਕ ਜੋੜੇ ਕੋਲੋਂ ਖੁਦਕੁਸ਼ੀ ਨੋਟ ਨਹੀਂ ਮਿਲਿਆ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਜਾਂਚ ਉਪਰੰਤ ਹੀ ਪਤਾ ਲੱਗੇਗਾ ਕਿ ਮ੍ਰਿਤਕਾਂ ਵਿਚਕਾਰ ਪ੍ਰੇਮ ਸਬੰਧ ਸਨ ਜਾਂ ਨਹੀਂ। ਫਿਲਹਾਲ ਪੁਲਸ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਦੀ ਲੋੜੀਂਦੀ ਕਾਰਵਾਈ ਕਰ ਕੇ ਲਾਸ਼ਾਂ ਪੋਸਟਮਾਰਟਮ ਉਪਰੰਤ ਉਨ੍ਹਾਂ ਨੂੰ ਸੌਂਪ ਦਿੱਤੀਆਂ ਹਨ।