ਹਥਿਆਰਾਂ ਨਾਲ ਲੈਸ ਗੁੰਡਿਆਂ ਅੱਗੇ ਦੌੜਦੇ ਹੋਏ ਮਾਰੀ ਟਰੇਨ ਮੂਹਰੇ ਛਾਲ

ਜਲੰਧਰ – ਭਾਰਤ ਨਗਰ (ਚੁਗਿੱਟੀ) ‘ਚ ਹੋਲੀ ਵਾਲੇ ਦਿਨ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਖੂਨ ਦੀ ਹੋਲੀ ਖੇਡੀ ਗਈ। ਬਬਲੂ ਨਾਮਕ ਪ੍ਰਵਾਸੀ ਮਜ਼ਦੂਰ ਨੇ ਹਥਿਆਰਾਂ ਨਾਲ ਲੈਸ ਗੁੰਡਿਆਂ ਦੇ ਅੱਗੇ ਦੌੜਦੇ ਹੋਏ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਬਬਲੂ ਦੀ ਮੌਤ ਨੂੰ ਉਸ ਦੇ ਪਰਿਵਾਰਕ ਮੈਂਬਰ ਹੱਤਿਆ ਦੱਸ ਰਹੇ ਹਨ, ਜਦਕਿ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਇਸ ਸਬੰਧ ਵਿਚ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੀ ਆਈ. ਪੀ. ਸੀ. ਦੀ ਧਾਰਾ 306 ਤੋਂ ਇਲਾਵਾ 452, 323, 148, 149 ਤਹਿਤ ਮੁਕੱਦਮਾ ਨੰਬਰ 36 ਦਰਜ ਕੀਤਾ ਹੈ। ਇਸਦੀ ਪੁਸ਼ਟੀ ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਅਤੇ ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਕੀਤੀ ਹੈ।
ਪੁਲਸ ਨੇ ਇਸ ਮਾਮਲੇ ਵਿਚ ਕੁਲਦੀਪ ਕੁਮਾਰ ਪੁੱਤਰ ਨੱਥੂ ਰਾਮ ਨਿਵਾਸੀ ਯੂ. ਪੀ. ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕਾਂ ਵਿਚ ਚਰਚਾ ਹੈ ਕਿ ਪੁਲਸ ਨੇ ਤਿੰਨ ਹੋਰ ਮੁਲਜ਼ਮ ਵੀ ਫੜ ਲਏ ਪਰ ਸਿਰਫ ਇਕ ਦੇ ਕਾਬੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਫਰਾਰ ਦੋਸ਼ੀਆਂ ਵਿਚ ਰਾਮ ਸ਼ਰਨ ਅਤੇ ਰੋਹਿਤ ਸਮੇਤ 5 ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਦੇਰ ਰਾਤ ਤੱਕ ਵੀ ਪੁਲਸ ਦੀ ਸ਼ੱਕੀ ਸਥਾਨਾਂ ‘ਤੇ ਰੇਡ ਜਾਰੀ ਸੀ।