ਦਿ ਗ੍ਰੇਟ ਖਲੀ’ ‘ਤੇ ਹੋਇਆ ਕੇਸ

ਗਿੱਦੜਬਾਹਾ–  ਇਕ ਸਥਾਨਕ ਅਦਾਲਤ ਵਿਚ ਪੇਸ਼ੇ ਤੋਂ ਇਕ  ਬੈਂਕ ਕਰਮਚਾਰੀ ਵਿਨੀਤ ਬਾਂਸਲ ਨੇ ਦਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਖਿਲਾਫ ਇਕ ਕੇਸ ਕਰ ਦਿੱਤਾ ਹੈ। ਲੇਖਕ ਵਿਨੀਤ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਅਪ੍ਰੈਲ, 2015 ਨੂੰ ਜਦੋਂ ਖਲੀ ਤੇ ਮੇਰੇ ਵਿਚਕਾਰ ਖਲੀ ਦੀ ਸਵੈ-ਜੀਵਨੀ ਲਿਖਣ ਲਈ ਐਗਰੀਮੈਂਟ ਸਾਈਨ ਹੋਇਆ ਸੀ ਤਾਂ ਉਸ ਵਿਚ ਸਾਫ਼-ਸਾਫ ਲਿਖਿਆ ਗਿਆ ਸੀ ਕਿ ਸਵੈ-ਜੀਵਨੀ ਪੁਸਤਕ ਤੋਂ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਆਮਦਨ ਨੂੰ ਖਲੀ ਅਤੇ ਲੇਖਕ ਵਿਨੀਤ ਬਾਂਸਲ ਵਿਚਕਾਰ 70:30 ਦੇ ਅਨੁਪਾਤ ਵਿਚ ਵੰਡਿਆ ਜਾਵੇਗਾ। ਮੈਂ  ਕਈ ਮਹੀਨਿਆਂ ਦੀ ਜੀਅ -ਤੋੜ ਮਿਹਨਤ ਤੋਂ ਬਾਅਦ ਦਿ ਗ੍ਰੇਟ ਖਲੀ ਦੀ ਸਵੈ-ਜੀਵਨੀ ਲਿਖੀ ਜਿਸ ਨੂੰ ਬਾਅਦ ਵਿਚ ਇਕ ਕਿਤਾਬ ‘ਦਿ ਮੈਨ ਹੂ ਬੀਕੇਮ ਖਲੀ’ ਦੇ ਰੂਪ ਵਿਚ ਪੈਂਗੂਇਨ ਨੇ ਪ੍ਰਕਾਸ਼ਿਤ ਕੀਤਾ ।

ਵਿਨੀਤ ਕਿਹਾ ਕਿ 21 ਅਗਸਤ 2017 ਨੂੰ  ਮੈਨੂੰ ਇਕ ਈਮੇਲ ਮਿਲੀ ਕਿ ਦਿ ਗ੍ਰੇਟ ਖਲੀ ਨੇ ਇਕ ਮੋਟੀ ਰਕਮ ਲੈ ਕੇ ਆਪਣੀ ਸਵੈ-ਜੀਵਨੀ ਦੇ ਫਿਲਮ ਰਾਈਟਸ ਉਨ੍ਹਾਂ ਨੂੰ ਵੇਚ ਦਿੱਤੇ ਹਨ। ਮੈਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਮੈਂ  ਖਲੀ ਨਾਲ ਗੱਲਬਾਤ ਕੀਤੀ ਤਾਂ ਖਲੀ ਵਲੋਂ ਨਾਂਹ- ਨੁੱਕਰ ਕੀਤੀ ਗਈ ਅਤੇ ਉਸਨੇ ਮੈਨੂੰ  ਇਹ ਕਹਿ ਕੇ ਟਰਕਾਉਣ ਦਾ ਯਤਨ ਕੀਤਾ ਕਿ ਹਾਲੇ ਤਾਂ ਸਿਰਫ਼ ਗੱਲਬਾਤ ਚੱਲ ਰਹੀ ਹੈ ਪਰ ਬਾਅਦ ਵਿਚ ਵੱਖ-ਵੱਖ ਚੈਨਲਾਂ ਅਤੇ ਅਖਬਾਰਾਂ ਦੀਆਂ ਖਬਰਾਂ ਦੀਆਂ ਤੋਂ ਪਤਾ ਲੱਗਾ ਹੈ ਕਿ ਰਾਈਟਸ ਤਾਂ ਸਚਮੁੱਚ ਵੇਚੇ ਜਾ ਚੁੱਕੇ ਹਨ।

ਬਾਂਸਲ ਨੇ ਦੱਸਿਆ ਕਿ ਜਦੋਂ ਉਕਤ ਬਾਰੇ ਦਿ ਗ੍ਰੇਟ ਖਲੀ ਨਾਲ ਗੱਲਬਾਤ ਕੀਤੀ ਅਤੇ ਇਸ ਬਾਰੇ ਪੁੱਛਿਆ ਤਾਂ ਖਲੀ ਨੇ ਸਾਫ਼ ਤੌਰ ‘ਤੇ ਮੇਰਾ ਹਿੱਸਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਇਸ ਲਈ ਆਪਣੇ ਮਿਹਨਤਾਨੇ ਸਬੰਧੀ ਆਪਣੇ ਐਡਵੋਕੇਟ ਅਮਿਤ ਬਾਂਸਲ ਰਾਹੀਂ ਖਲੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਪਰੰਤੂ ਇਸ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਬਾਂਸਲ ਨੇ ਕਿਹਾ ਕਿ ਆਪਣੇ ਹੱਕ ਦੀ ਲੜਾਈ ਆਪਣੇ ਉਪਰੋਕਤ ਐਡਵੋਕੇਟ ਰਾਹੀਂ ਗਿੱਦੜਬਾਹਾ ਕੋਰਟ ਵਿਚ 20 ਫਰਵਰੀ 2018 ਨੂੰ  ਕੇਸ ਫਾਈਲ ਕੀਤਾ ਹੈ, ਜੋਕਿ ਅਦਾਲਤੀ ਕਾਰਵਾਈ ਅਧੀਨ ਹੈ।