ਕੱਚੇ ਰਸਤੇ ਦੀ ਮਿਨਤੀ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਲਿਖਤ ਭਰੋਸੇ ਤੋਂ ਬਾਅਦ ਸਮਾਪਤ

ਧੂਰੀ, 28 ਫਰਵਰੀ (ਮਹੇਸ਼)– ਪਿੰਡ ਭੁੱਲਰਹੇੜੀ ਦੇ ਕੱਚੇ ਰਸਤੇ ਦੀ ਮਿਨਤੀ ਨਾ ਹੋਣ ਕਾਰਨ ਪ੍ਰਸ਼ਾਸਨ ਦੀ ਬੇਰੁਖੀ ਤੋਂ ਪਰੇਸ਼ਾਨ ਪੰਚਾਇਤ ਮੈਂਬਰ ਕਾਮਰੇਡ ਛੋਟਾ ਸਿੰਘ ਅੱਜ ਸਵੇਰੇ ਬੀ.ਡੀ.ਪੀ.ਓ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠ ਗਏ। ਜਾਣਕਾਰੀ ਦਿੰਦਿਆਂ ਕਾਮਰੇਡ ਛੋਟਾ ਸਿੰਘ ਨੇ ਦੱਸਿਆ ਕਿ ਪਿੰਡ ਭੁੱਲਰਹੇੜੀ ਤੋਂ ਮੀਰਹੇੜੀ ਨੂੰ ਜਾਣ ਵਾਲੇ ਕੱਚੇ ਰਸਤੇ ’ਤੇ ਲੋਕਾਂ ਵੱਲੋਂ ਨਜਾਇਜ ਕਬਜੇ ਕੀਤੇ ਹੋਏ ਹਨ ਅਤੇ ਇਨਾਂ ਨਜਾਇਜ ਕਬਜਿਆਂ ਨੂੰ ਹਟਵਾਉਣ ਅਤੇ ਕੱਚੇ ਰਸਤੇ ਦੀ ਮਿਨਤੀ ਤੇ ਨਿਸ਼ਾਨਦੇਹੀ ਕਰਵਾਉਣ ਸਬੰਧੀ ਉਹ ਸਬੰਧਿਤ ਮਹਿਕਮਿਆਂ ਨੂੰ ਕਈ ਬਾਰ ਅਰਜੀ-ਪੱਤਰ ਰਾਹੀਂ ਜਾਣੂ ਕਰਾ ਚੁੱਕੇ ਹਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਉਨਾਂ ਦੀ ਮੰਗ ਵੱਲ ਉਕਾ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਅੱਜ ਉਹ ਆਪਣੇ ਹੋਰ ਸਾਥੀਆਂ ਸਮੇਤ ਭੁੱਖ ਹੜਤਾਲ ਲਈ ਬੈਠੇ ਹਨ।
ਸਥਿਤੀ ਨੂੰ ਭਾਪਦਿਆਂ ਪ੍ਰਸ਼ਾਸਨ ਹਰਕਤ ’ਚ ਆਇਆ ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਕੰਨੂਗੋ ਰਾਮ ਸਿੰਘ ਬੀ.ਡੀ.ਪੀ.ਓ ਦਫਤਰ ਵਿਖੇ ਪੁੱਜੇ ਅਤੇ ਕਾਮਰੇਡ ਛੋਟਾ ਸਿੰਘ ਦੀ ਮੰਗ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਨਾਇਬ ਤਹਿਸੀਲਦਾਰ ਧੂਰੀ ਕਰਮਜੀਤ ਸਿੰਘ ਤੇ ਬੀ.ਡੀ.ਪੀ.ਓ ਪ੍ਰਦੀਪ ਸ਼ਾਰਦਾ ਨੇ ਭਰੋਸਾ ਪ੍ਰਦਰਸ਼ਨਕਾਰੀਆਂ ਨੂੰ ਲਿਖਤੀ ਭਰੋਸਾ ਦਿਵਾਇਆ ਕਿ ਇਸ ਕੱਚੇ ਰਸਤੇ ਦੀ ਮਿਨਤੀ ਤੇ ਨਿਸ਼ਾਨਦੇਹੀ ਹਾੜੀ ਦੇ ਸੀਜਨ ਤੋਂ ਬਾਅਦ ਕਰਵਾ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਭੁੱਖ ਹੜਤਾਲ ਸਮਾਪਤ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਕਾਮਰੇਡ ਸੁਖਵੰਤ ਸਿੰਘ ਭਸੌੜ, ਕਾਮਰੇਡ ਬਲਵਿੰਦਰ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ, ਦਰਸ਼ਨ ਸਿੰਘ ਤੇ ਸੁਖਦੇਵ ਸਿੰਘ ਵੀ ਹਾਜ਼ਰ ਸਨ।