ਕਰਜ਼ਦਾਰ ਕਿਸਾਨ ਨੂੰ 1 ਸਾਲ ਦੀ ਕੈਦ

ਬਠਿੰਡਾ– ਸਥਾਨਕ ਅਦਾਲਤ ਨੇ ਇਕ ਕਿਸਾਨ ਨੂੰ ਚੈੱਕ ਬਾਊਂਸ ਮਾਮਲੇ ‘ਚ ਦੋ ਲੱਖ ਰੁਪਏ ਜੁਰਮਾਨਾ ਤੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕਿਸਾਨ ‘ਤੇ ਇਲਜ਼ਾਮ ਸੀ ਕਿ ਉਸ ਨੇ ਬੈਂਕ ਤੋਂ ਲੋਨ ਲਿਆ ਸੀ, ਜਿਸ ਬਦਲੇ ਉਸ ਨੇ ਬੈਂਕ ਨੂੰ ਜੋ ਚੈੱਕ ਦੋ ਲੱਖ ਰੁਪਏ ਦਾ ਭਰ ਕੇ ਦਿੱਤਾ ਸੀ ਉਹ ਬਾਊਂਸ ਹੋ ਗਿਆ।  ਇਸ ਸਬੰਧੀ ਗੱਲਬਾਤ ਕਰਦੇ ਹੋਏ ਸਤਲੁਜ ਗ੍ਰਾਮੀਣ ਬੈਂਕ ਦੇ ਸੀਨੀਅਰ ਮੈਨੇਜਰ ਸੁਖਪਾਲ ਸਿੰਘ ਮਾਨ ਨੇ ਦੱਸਿਆ ਕਿ 2014 ਤੋਂ ਪਹਿਲਾਂ ਗੁਰਜੰਟ ਸਿੰਘ ਵਾਸੀ ਪਿੰਡ ਜੱਸੀ ਪੌਂ ਵਾਲੀ ਜ਼ਿਲਾ ਬਠਿੰਡਾ ਨੇ ਬੈਂਕ ਤੋਂ ਦੋ ਲੱਖ ਰੁਪਏ ਦਾ ਲੋਨ ਆਪਣੀ ਜ਼ਮੀਨ ਬੈਂਕ ਕੋਲ ਗਹਿਣੇ ਰੱਖ ਕੇ ਲਿਆ ਸੀ, ਜਿਸ ਤੋਂ ਬਾਅਦ ਗੁਰਜੰਟ ਸਿੰਘ ਨੇ ਜਨਵਰੀ 2014 ‘ਚ ਬੈਂਕ ਨੂੰ ਦੋ ਲੱਖ ਰੁਪਏ ਦਾ ਇਕ ਚੈੱਕ ਦਿੱਤਾ ਸੀ, ਜਦ ਬੈਂਕ ਨੇ ਉਕਤ ਚੈੱਕ ਆਪਣੀ ਰਕਮ ਪ੍ਰਾਪਤ ਕਰਨ ਲਈ ਲਾਇਆ ਤਾਂ ਉਹ ਬਾਊਂਸ ਹੋ ਗਿਆ ਸੀ, ਜਿਸ ਦੇ ਬਾਅਦ ਬੈਂਕ ਨੇ ਮਾਰਚ 2014 ‘ਚ ਸਥਾਨਕ ਅਦਾਲਤ ‘ਚ ਕਿਸਾਨ ਗੁਰਜੰਟ ਸਿੰਘ ਖਿਲਾਫ ਕੇਸ ਦਾਇਰ ਕਰ ਦਿੱਤਾ ਸੀ। ਸੀਨੀਅਰ ਮੈਨੇਜਰ ਮਾਨ ਸਿਘ ਦੱਸਿਆ ਕਿ ਤਿੰਨ ਸਾਲ ਤੱਕ ਅਦਾਲਤ ‘ਚ ਕੇਸ ਚੱਲਣ ਤੋਂ ਬਾਅਦ ਅਦਾਲਤ ਨੇ ਬੈਂਕ ਦੇ ਵਕੀਲ ਸੁਧੀਰ ਕੁਮਾਰ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੁਲਜ਼ਮ ਕਿਸਾਨ ਨੂੰ ਇਕ ਸਾਲ ਕੈਦ ਤੇ ਬੈਂਕ ਤੋਂ ਲਏ ਦੋ ਲੱਖ ਰੁਪਏ ਨੂੰ 9 ਫੀਸਦੀ ਵਿਆਜ਼ ਤੇ ਜੁਰਮਾਨੇ ਦੀ ਕੁਲ ਰਕਮ ਚਾਰ ਲੱਖ ਰੁਪਏ ਬੈਂਕ ਨੂੰ ਅਦਾ ਕਰਨ ਦੇ ਆਦੇਸ਼ ਦਿੱਤੇ।