ਬਾਗ ਗਲੀ ‘ਚ ਗੁੰਡਾਗਰਦੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਦੀ ਸਾਰ ਲੈਣ ਪੁੱਜੇ ਸਾਬਕਾ ਖੇਤੀਬਾੜੀ ਮੰਤਰੀ

ਮੋਗਾ – ਬੀਤੀ 11 ਫਰਵਰੀ ਦੀ ਰਾਤ ਨੂੰ ਬਾਗ ਗਲੀ ‘ਚ ਦੁਕਾਨਾਂ ‘ਚ ਹੋਈ ਲੁੱਟ-ਖੋਹ ਅਤੇ ਗੁੰਡਾਗਰਦੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਦੀ ਸਾਰ ਲੈਣ ਲਈ ਅੱਜ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵਿਸ਼ੇਸ਼ ਤੌਰ ‘ਤੇ ਬਾਗ ਗਲੀ ‘ਚ ਪੁੱਜੇ, ਜਿਥੇ ਉਨ੍ਹਾਂ ਦੁਕਾਨਦਾਰਾਂ ਨਾਲ ਮੀਟਿੰਗ ਕਰ ਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੁਕਾਨਦਾਰਾਂ ਨਾਲ ਖੜ੍ਹੇ ਹੋਣ ਦਾ ਵਿਸ਼ਵਾਸ ਦੁਆਇਆ। ਇਸ ਸਮੇਂ ਗੱਲਬਾਤ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਥਾਨਕ ਕਾਂਗਰਸੀ ਵਿਧਾਇਕ ਦੀ ਸ਼ਹਿ ‘ਤੇ ਕੁਝ ਗੁੰਡਾ ਅਨਸਰਾਂ ਵਲੋਂ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਕਰ ਕੇ ਲੁੱਟ-ਖੋਹ ਕੀਤੀ ਗਈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ ‘ਤੇ ਇਹ ਘਟਨਾ ਵਾਪਰੀ, ਉਸ ਤੋਂ ਥਾਣਾ ਵੀ ਥੋੜ੍ਹੀ ਦੂਰੀ ‘ਤੇ ਹੈ।

ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਨੂੰ ਬੀਤੇ ਦਿਨ ਮੋਗਾ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਯੂਨੀਅਨ ਦਾ ਪ੍ਰਧਾਨ ਬਣਾਇਆ ਸੀ। ਇਸ ਮਾਮਲੇ ‘ਚ ਉਨ੍ਹਾਂ ਵਲੋਂ ਵਿਧਾਇਕ ਨਾਲ ਫੋਨ ‘ਤੇ ਗੱਲਬਾਤ ਕਰ ਕੇ ਵੀ ਇਤਰਾਜ਼ ਪ੍ਰਗਟਾਇਆ ਗਿਆ ਸੀ ਅਤੇ ਜ਼ਿਲਾ ਪੁਲਸ ਮੁਖੀ ਮੋਗਾ ਨਾਲ ਵੀ ਗੱਲਬਾਤ ਕੀਤੀ ਗਈ ਸੀ।  ਸਾਬਕਾ ਮੰਤਰੀ ਨੇ ਕਿਹਾ ਕਿ ਮੋਗਾ ਹਲਕੇ ‘ਚ ਵਿਕਾਸ ਦੀ ਜਗ੍ਹਾ ਵਿਨਾਸ਼ ਹੋ ਰਿਹਾ ਹੈ ਅਤੇ ਸ਼ਹਿਰ ‘ਚ ਕਾਨੂੰਨ-ਵਿਵਸਥਾ ਬੁਰੀ ਤਰ੍ਹਾਂ ਲੜਖੜਾ ਚੁੱਕੀ ਹੈ। ਇਸ ਸਮੇਂ ਐੱਸ. ਸੀ. ਵਿੰਗ ਜ਼ਿਲਾ ਮੋਗਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਦੀਪਇੰਦਰਪਾਲ ਸਿੰਘ ਸੰਧੂ, ਕੌਂਸਲਰ ਮਨਜੀਤ ਸਿੰਘ ਧੰਮੂ, ਪੀੜਤ ਦੁਕਾਨਦਾਰ ਸੁਨੀਲ ਕੁਮਾਰ ਸ਼ਰਮਾ, ਦਰਸ਼ਨ ਲਾਲ, ਰੇਨੂੰ ਗੋਇਲ, ਮੋਹਨ ਸਿੰਘ ਤੋਂ ਇਲਾਵਾ ਬਾਗ ਗਲੀ ਐਸੋਸੀਏਸ਼ਨ ਦੇ ਨਿਰੰਜਣ ਸਿੰਘ ਸਚਦੇਵਾ, ਭਾਜਪਾ ਪ੍ਰਧਾਨ ਮੁਨੀਸ਼ ਮੈਨਰਾਏ, ਰਾਕੇਸ਼ ਸਿਤਾਰਾ, ਵਰੁਣ ਭੱਲਾ ਸਮੇਤ ਵੱਡੀ ਗਿਣਤੀ ‘ਚ ਦੁਕਾਨਦਾਰ ਹਾਜ਼ਰ ਸਨ।