ਕੈਪਟਨ ਵਲੋਂ ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ਨੂੰ ਹਰੀ ਝੰਡੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਰ ਉਡੀਕੀ ਜਾ ਰਹੀ ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਸੋਧਾਂ ਸਮੇਤ ਤਿਆਰ ਨੀਤੀ ਦੀ ਫਾਈਲ ‘ਤੇ ਦਸਤਖਤ ਕਰ ਦਿੱਤੇ ਹਨ। ਇਹ ਨੀਤੀ ਇਕ-ਦੋ ਦਿਨਾਂ ਵਿਚ ਵਿਸਥਾਰ ਪੂਰਵਕ ਜਾਰੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਮਨਜ਼ੂਰ ਹੋਈ ਨੀਤੀ ਵਿਚ ਨੈਸ਼ਨਲ ਹਾਈਵੇ ‘ਤੇ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਦੀ ਰੇਸ਼ੋ 50:50 ਰੱਖੀ ਗਈ ਹੈ।

ਨੀਤੀ ਦੀਆਂ ਹੋਰ ਵਿਸ਼ੇਸ਼ਤਾਈਆਂ ਵਿਚ ਬੱਸਾਂ ਦੇ ਟਾਈਮ ਟੇਬਲ ਦੇ ਕੰਪਿਊਟਰਾਈਜ਼ਡ ਕਰਨ ਤੇ ਹੈੱਡਕੁਆਰਟਰ ‘ਤੇ ਕੰਟਰੋਲ ਰੂਮ ਸਥਾਪਿਤ ਕਰਨ ਦੇ ਨੁਕਤੇ ਸ਼ਾਮਲ ਹਨ। ਇਸ ਤੋਂ ਇਲਾਵਾ ਬੱਸਾਂ ਵਿਚ ਸੀ. ਸੀ. ਟੀ. ਵੀ. ਅਤੇ ਜੀ. ਪੀ. ਐੱਸ. ਸਿਸਟਮ ਲਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਨਵੀਂ ਨੀਤੀ ‘ਚੋਂ ਚੱਲ ਰਹੀਆਂ 6000 ਮਿੰਨੀ ਬੱਸਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਨਵੇਂ ਪਰਮਿਟ ਦਿੱਤੇ ਜਾਣਗੇ। ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੀਆਂ ਬੱਸਾਂ ਬੰਦ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਨੀਤੀ ਲਾਗੂ ਹੋਣ ਨਾਲ ਸਰਕਾਰੀ ਤੇ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ‘ਚ ਝਗੜੇ ਖਤਮ ਹੋਣਗੇ।