ਆਂਗਣਵਾੜੀ ਵਰਕਰਾਂ ਨੇ ਫੂਕੇ ਵਿੱਤ ਮੰਤਰੀ ਦੇ ਪੁਤਲੇ

ਤਰਨਤਾਰਨ – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਨੌਸ਼ਹਿਰਾ ਪੰਨੂੰਆਂ (ਤਰਨਤਾਰਨ) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਲ ਪ੍ਰਧਾਨ ਰਣਜੀਤ ਕੌਰ ਸ਼ੇਰੋਂ ਦੀ ਅਗਵਾਈ ਹੇਠ ਨੇੜੇ ਗਾਂਧੀ ਪਾਰਕ ਤਰਨਤਾਰਨ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਰਾਜਬੀਰ ਕੌਰ ਚੁਤਾਲਾ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪਿੰਡ-ਪਿੰਡ ਪੁਤਲੇ ਫੂਕੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਜਥੇਬੰਦੀ ਦੀਆਂ ਵਿੱਤ ਮੰਤਰੀ ਵੱਲੋਂ ਹੱਕੀ ਮੰਗਾਂ ਤਾਂ ਕੀ ਮੰਨਣੀਆਂ ਹਨ, ਸਗੋਂ ਮੀਟਿੰਗ ਕਰਨ ਲਈ ਵੀ ਉਹ ਤਿਆਰ ਨਹੀਂ ਹਨ, ਜਿਸ ਕਾਰਨ ਯੂਨੀਅਨ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਰਾਜਵਿੰਦਰ ਕੌਰ ਮੁਗਲਚੱਕ, ਮਨਜੀਤ ਕੌਰ ਜੱਟਾ, ਕੰਵਲਜੀਤ ਢੋਟੀਆ, ਗੁਰਵਿੰਦਰ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ, ਰਛਪਾਲ ਕੌਰ, ਬਿਮਲਾ ਦੇਵੀ, ਰੁਪਿੰਦਰ ਕੌਰ, ਲਖਵੰਤ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ।

ਪੱਟੀ- ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਪੱਟੀ ਦੇ ਵੇਰਕਾ ਚੌਕ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਬੇਅੰਤ ਕੌਰ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਲੰਬੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਪੰਜਾਬ ਪੁਲਸ ਦੇ ਅਮਲੇ ਨੇ ਧੱਕਾਮੁੱਕੀ ਕੀਤੀ ਅਤੇ ਬਦਸੂਲਕੀ ਕੀਤੀ। ਉਨ੍ਹਾਂ ਕਿਹਾ ਹੈ ਕਿ ਮਨਪ੍ਰੀਤ ਬਾਦਲ ਆਖਰ ਆਕੜਖੋਰ, ਹੰਕਾਰੀ ਤੇ ਬੇਦਰਦ ਮੰਤਰੀ ਹਨ। ਉਨ੍ਹਾਂ ਦੱਸਿਆ ਕਿ ਇਸੇ ਰੋਸ ਵਜੋਂ ਅੱਜ ਸਾਰੇ ਬਲਾਕਾਂ ‘ਚ ਮਨਪ੍ਰੀਤ ਬਾਦਲ ਦੇ ਪੂਤਲੇ ਫੂਕੇ ਜਾ ਰਹੇ ਹਨ। ਇਸ ਮੌਕੇ ਮੁੱਖ ਆਗੂ ਜਸਵਿੰਦਰ ਕੌਰ ਮਨਿਹਾਲਾ, ਮਨਜੀਤ ਕੌਰ ਪੱਟੀ, ਲਖਬੀਰ ਕੌਰ ਕਿਰਤੋਵਾਲ, ਹਰਜੀਤ ਕੌਰ ਸ਼ਹੀਦ, ਮਨਵਿੰਦਰ ਕੌਰ ਪੱਟੀ, ਗੁਰਪ੍ਰੀਤ ਕੌਰ, ਨਿਰਮਲਜੀਤ ਕੌਰ, ਰਾਜਬੀਰ ਕੌਰ ਤੇ ਰੁਪਿੰਦਰ ਕੌਰ ਚੂਸਲੇਵੜ ਆਦਿ ਹਾਜ਼ਰ ਸਨ।