ਬਿਜਲੀ ਬਿੱਲਾਂ ਦੀ ਉਗਰਾਹੀ ਕਰਨ ਗਏ ਮੁਲਾਜ਼ਮਾਂ ‘ਤੇ ਹਮਲਾ

ਲੋਪੋਕੇ  –  ਪੰਜਾਬ ਰਾਜ ਪਾਵਰਕਾਮ ਬਿਜਲੀ ਬੋਰਡ ਦਫਤਰ ਲੋਪੋਕੇ ਦੇ ਮੁਲਾਜ਼ਮ ਜੋ ਕਿ ਐੱਸ. ਡੀ. ਓ. ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪਿੰਡ ਮੁੱਧ-ਖੋਖਰ ਵਿਖੇ ਬਿਜਲੀ ਦੇ ਬਿੱਲਾਂ ਦੀ ਉਗਰਾਹੀ ਕਰਨ ਗਏ ਤਾਂ ਉਨ੍ਹਾਂ ‘ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਇੱਟਾਂ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਅਤੇ ਬਿਜਲੀ ਮੁਲਾਜ਼ਮਾਂ ਨਾਲ ਗਈ ਪੁਲਸ ‘ਤੇ ਵੀ ਕਥਿਤ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਐੱਸ. ਡੀ. ਓ. ਰਾਕੇਸ਼ ਕੁਮਾਰ ਤੇ ਜੇ. ਈ. ਰਸ਼ਪਾਲ ਸਿੰਘ ਨੇ ਪੁਲਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੰਦਿਆਂ ਦੱਸਿਆ ਕਿ ਉਹ ਅੱਜ ਦੁਪਹਿਰ ਡਿਊਟੀਆਂ ਸਮੇਂ ਪਿੰਡ ਮੁੱਧ ਵਿਖੇ ਬਿਜਲੀ ਦੇ ਬਿੱਲਾਂ ਦੀ ਉਗਰਾਹੀ ਕਰਨ ਤੇ ਮੀਟਰ ਬਕਸਿਆਂ ਦੀ ਚੈਕਿੰਗ ਲਈ ਪਹੁੰਚੇ ਤਾਂ ਇਕ ਮੀਟਰ ਬਕਸੇ ਵਿਚ ਕੁਝ ਸਿੱਧੀਆਂ ਕੁੰਡੀਆਂ ਲਾ ਕੇ ਚੋਰੀ ਕੀਤੀ ਜਾ ਰਹੀ ਸੀ,

ਜਦੋਂ ਬਿਜਲੀ ਮੁਲਾਜ਼ਮਾਂ ਨੇ ਇਹ ਸਪਲਾਈ ਕੱਟੀ ਤਾਂ ਕਥਿਤ ਦੋਸ਼ੀ ਗਮਨੀਏਲ ਮਸੀਹ, ਨਥਾਨੀਅਲ ਮਸੀਹ ਤੇ ਮਾਨੂੰਏਲ ਮਸੀਹ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਅਸੀਂ ਭੱਜ ਕੇ ਜਾਨਾਂ ਬਚਾਈਆਂ ਤੇ ਇਸ ਦੀ ਤੁਰੰਤ ਸੂਚਨਾ ਪੁਲਸ ਥਾਣਾ ਲੋਪੋਕੇ ਨੂੰ ਦਿੱਤੀ। ਜਦੋਂ ਪੁਲਸ ਪਾਰਟੀ ਏ. ਐੱਸ. ਆਈ. ਮੁਖਤਾਰ ਸਿੰਘ, ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਤੇ ਮਨਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਪੁੱਜੀ ਤਾਂ ਕਥਿਤ ਦੋਸ਼ੀਆਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਕੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਦੀ ਵਰਦੀ ਪਾੜ ਦਿੱਤੀ। ਇਸ ਸਬੰਧੀ ਥਾਣਾ ਮੁਖੀ ਨੇ ਫੋਰਸ ਭੇਜ ਕੇ ਕਥਿਤ 3 ਦੋਸ਼ੀਆਂ ‘ਚੋਂ ਗਮਨੀਏਲ ਮਸੀਹ ਤੇ ਨਥਾਨੀਅਲ ਮਸੀਹ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਤੀਜਾ ਦੋਸ਼ੀ ਫਰਾਰ ਹੋ ਗਿਆ। ਉਕਤ ਦੋਸ਼ੀਆਂ ਖਿਲਾਫ ਥਾਣਾ ਲੋਪੋਕੇ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।