ਵੱਖ-ਵੱਖ ਖੇਤਰਾਂ ‘ਚ ਵਾਪਰੇ ਸੜਕ ਹਾਦਸਿਆਂ ‘ਚ 4 ਜ਼ਖਮੀ

ਕਪੂਰਥਲਾ – ਕਪੂਰਥਲਾ ਤੇ ਆਸ-ਪਾਸ ਦੇ ਵੱਖ-ਵੱਖ ਖੇਤਰਾਂ ‘ਚ ਵਾਪਰੇ ਸੜਕ ਹਾਦਸਿਆਂ ਦੌਰਾਨ ਚਾਰ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ‘ਚ ਜ਼ੇਰੇ ਇਲਾਜ ਸ਼ਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪਿੰਡ ਸੈਦੋਵਾਲ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਮਨਜੀਤ ਕੌਰ ਤੇ ਆਪਣੇ ਬੇਟੇ ਰਾਜਵਿੰਦਰ ਸਿੰਘ ਨਾਲ ਮੋਟਰਸਾਈਕਲ ਰਾਹੀਂ ਸ਼ਾਹਕੋਟ ਤੋਂ ਵਾਪਸ ਆਪਣੇ ਪਿੰਡ ਆ ਰਿਹਾ ਸੀ।

ਜਦੋਂ ਉਹ ਪਿੰਡ ਸ਼ੇਖੂਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਸੜਕ ਵਿਚਕਾਰ ਆਏ ਇਕ ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ‘ਚ ਉਸਦਾ ਮੋਟਰਸਾਈਕਲ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਹ ਤਿੰਨੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ।ਇਸੇ ਤਰ੍ਹਾਂ ਜ਼ੇਰੇ ਇਲਾਜ ਮੰਗਲ ਸਿੰਘ ਨਿਵਾਸੀ ਪਿੰਡ ਮੱਲੂ ਕਾਦਰਾਬਾਦ ਕਪੂਰਥਲਾ ਨੇ ਦੱਸਿਆ ਕਿ ਉਹ ਨਵੀਂ ਸਬਜ਼ੀ ਮੰਡੀ ਦੇ ਕੋਲ ਪੈਦਲ ਜਾ ਰਿਹਾ ਸੀ। ਪਿੱਛੇ ਤੋਂ ਆਏ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।