ਸੈਰ-ਸਪਾਟਾ ਨਕਸ਼ੇ ‘ਤੇ ਅਟਾਰੀ, ਹੁਸੈਨੀਵਾਲਾ ਅਤੇ ਸਾਦਿਕ ਨੂੰ ਕੀਤਾ ਸ਼ਾਮਲ

ਜਲੰਧਰ – ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੇ ਸੈਰ-ਸਪਾਟਾ ਨਕਸ਼ੇ ‘ਤੇ ਪੰਜਾਬ ਦੇ ਅਟਾਰੀ ਅਤੇ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟਾਂ ਨੂੰ ਸ਼ਾਮਲ ਕੀਤਾ ਹੈ। ਬੀ. ਐੱਸ. ਐੱਫ. ਵਲੋਂ ਦੇਸ਼ ਵਿਚ 10 ਇਤਿਹਾਸਕ ਥਾਵਾਂ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਹੈ, ਜੋ ਕਿ ਕਿਸੇ ਨਾ ਕਿਸੇ ਰੂਪ ਨਾਲ ਵੱਖ-ਵੱਖ ਜੰਗਾਂ ਨਾਲ ਜੁੜੀਆਂ ਰਹੀਆਂ ਹਨ। ਇਸ ਵਿਚ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਮੇਘਾਲਿਆ ਦੀਆਂ ਸੈਰ-ਸਪਾਟਾ ਥਾਵਾਂ ਵਿਚ ਵੀ ਸ਼ਾਮਲ ਹੈ, ਜਿੱਥੇ ਬੀ. ਐੱਸ. ਐੱਫ. ਵਲੋਂ ਸੈਲਾਨੀਆਂ ਨੂੰ ਵੱਧ ਤੋਂ ਵੱਧ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਇਸ ਨਾਲ ਦੇਸ਼ ਵਿਚ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ। ਬੀ. ਐੱਸ. ਐੱਫ. ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਚ ਅਟਾਰੀ, ਹੁਸੈਨੀਵਾਲਾ ਤੋਂ ਇਲਾਵਾ ਸਾਦਿਕ ਸਰਹੱਦੀ ਚੌਕੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੋ ਸਾਲ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਮਾ ਦਰਸ਼ਨ ਯੋਜਨਾ  ਸ਼ੁਰੂ ਕੀਤੀ ਸੀ, ਜਿਸ ਤਹਿਤ ਸੈਲਾਨੀਆਂ ਨੂੰ ਸਰਹੱਦੀ ਖੇਤਰਾਂ ਵਿਚ ਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਸ ਦੇ ਪਿੱਛੇ ਇਕ ਉਦੇਸ਼ ਇਹ ਵੀ ਸੀ ਕਿ ਦੇਸ਼ਵਾਸੀਆਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾਵੇ। ਇਸੇ ਤਹਿਤ ਜੰਮੂ-ਕਸ਼ਮੀਰ ਵਿਚ ਮਹਾਰਾਜਾ ਹਰੀ ਸਿੰਘ ਦੇ ਸ਼ਾਸਨ ਸਮੇਂ ਰਿਆਸਤ ਲਾਹੌਰ ਅਤੇ ਜੰਮੂ ਵਿਚਾਲੇ ਚੁੰਗੀ ਨੂੰ ਇਕੱਠਾ ਕਰਨ ਦਾ ਕੰਮ ਚਲਦਾ ਸੀ, ਭਾਰਤੀ ਸਰਹੱਦੀ ਚੌਕੀ ਚਮਿਆਲ ਦਾ ਨਾਂ ਸੂਫੀ ਸੰਤ ਬਾਬਾ ਦਲੀਪ ਸਿੰਘ ਦੇ ਨਾਂ ‘ਤੇ ਰੱਖਿਆ ਹੋਇਆ ਹੈ।

ਇਸ ਸਥਾਨ ‘ਤੇ ਦੋਹਾਂ ਦੇਸ਼ਾਂ ਦੇ ਲੋਕ ਇਕੱਠੇ ਹੁੰਦੇ ਹਨ। ਰਾਜਸਥਾਨ ਵਿਚ ਤਨੌਟ ਅਤੇ ਗੁਜਰਾਤ ਵਿਚ ਨਾਰਾਬੇਟ ਸਰਹੱਦੀ ਚੌਕੀਆਂ ਨੂੰ ਵੀ ਬੀ. ਐੱਸ. ਐੱਫ. ਨੇ ਸੈਰ-ਸਪਾਟਾ ਨਕਸ਼ੇ ਵਿਚ ਸ਼ਾਮਲ ਕੀਤਾ ਹੈ। ਬੀ. ਐੱਸ. ਐੱਫ. ਇਨ੍ਹਾਂ ਸਾਰੀਆਂ ਸੈਲਾਨੀ ਥਾਵਾਂ ਨੂੰ ਹੋਰ ਵਿਕਸਿਤ ਕਰੇਗੀ ਤਾਂ ਕਿ ਵੱਧ ਤੋਂ ਵੱਧ ਸੈਲਾਨੀ ਦੇਸ਼-ਵਿਦੇਸ਼ ਤੋਂ ਇਨ੍ਹਾਂ ਸਰਹੱਦੀ ਚੌਕੀਆਂ ਅਤੇ ਮੁੱਖ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਨ ਲਈ ਪਹੁੰਚ ਸਕਣ।  ਪੰਜਾਬ ਦੇ ਅਟਾਰੀ ਤੇ ਹੁਸੈਨੀਵਾਲਾ ਖੇਤਰਾਂ ਵਿਚ ਤਾਂ ਪਹੁੰਚਣ ਵਾਲੇ ਸੈਲਾਨੀਆਂ ਦੀ ਗਿਣਤੀ ਪਹਿਲਾਂ ਹੀ ਕਾਫੀ ਜ਼ਿਆਦਾ ਹੈ ਅਤੇ ਇਨ੍ਹਾਂ ਥਾਵਾਂ ਨੂੰ ਹੋਰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।