ਜੁਲਾਈ ਮਹੀਨੇ ਹੋਣਗੀਆਂ ਪੰਚਾਇਤੀ ਚੋਣਾਂ –ਤ੍ਰਿਪਤ ਬਾਜਵਾ

ਬਟਾਲਾ/ਗੁਰਦਾਸਪੁਰ 18 ਫਰਵਰੀ(ਗੁਲਸ਼ਨ ਕੁਮਾਰ ਰਣੀਆਂ): ਪੰਜਾਬ ਦੇ ਪੈਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਇਸ ਸਾਲ ਜੁਲਾਈ ਮਹੀਨੇ ਵਿੱਚ ਕਰਾਈਆਂ ਜਾਣਗੀਆਂ । ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਚਾਇਤ ਮੰਤਰੀ ਸ. ਬਾਜਵਾ ਨੇ ਕਿਹਾ ਕਿ ਅਜੇ ਪਿੰਡਾਂ ਵਿੱਚ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ । ਵਾਰਡਬੰਦੀ ਮੁਕੰਮਲ ਹੋਣ ਤੋਂ ਬਾਅਦ ਸਰਕਾਰ ਜੁਲਾਈ ਮਹੀਨੇ ਵਿੱਚ ਪੰਚਾਇਤ ਚੋਣਾਂ ਕਰਾਉਣ ਤੇ ਵਿਚਾਰ ਕਰ ਰਹੀ ਹੈ । ਇੱਕ ਸੁਆਲ ਦੇ ਜੁਆਬ ਵਿੱਚ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਲਈ ਸਰਪੰਚਾਂ ਅਤੇ ਪੰਚਾਂ ਲਈ ਕੋਈ ਵਿਦਿਅਕ ਯੋਗਤਾ ਨਿਰਧਾਰਤ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਜਾਂ ਐੱਸ.ਪੀ. ਲਈ ਕੋਈ ਵਿਦਿਅਕ ਯੋਗਤਾ ਨਿਰਧਾਰਤ ਨਹੀਂ ਹੈ । ਤਾਂ ਪੰਚ ਸਰਪੰਚ ਦੀ ਚੋਣ ਲਈ ਵੀ ਕੋਈ ਵਿਦਿਅਕ ਯੋਗਤਾ ਨਿਰਧਾਰਤ ਕਰਨ ਦਾ ਫਿਲਹਾਲ ਕੋਈ ਵਿਚਾਰ ਨਹੀਂ ਹੈ । ਸ੍ਰ. ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਵਾਰ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ । ਲੁਧਿਆਣਾ ਨਗਰ ਨਿਗਮ ਚੋਣਾਂ ਬਾਰੇ ਪੁਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸ੍ਰ. ਬਾਜਵਾ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ । ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਨਤੀਜਾ ਅੰਮ੍ਰਿਤਸਰ ਤੇ ਬੀਤੇ ਸਮੇਂ ਹੋਈਆਂ  ਨਿਗਮ ਚੋਣਾਂ ਨਾਲੋਂ ਵੀ ਵਧੀਆ ਹੋਵੇਗਾ । ਸ੍ਰ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ  ਹੇਠ ਪੰਜਾਬ ਸਰਕਾਰ ਸੂਬੇ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ਸੂਬੇ ਨੂੰ ਇਕ ਵਾਰ ਫਿਰ ਬੁਲੰਦੀਆਂ ਤੇ ਲਿਜਾਣਗੀਆਂ ।