ਸ਼ਿਵਰਾਤਰੀ ‘ਤੇ ਸ਼ਰੇਆਮ ਟੇਬਲ ਲਾ ਕੇ ਵੰਡੀ ਸ਼ਰਾਬ

ਪਟਿਆਲਾ– ਪਵਿੱਤਰ ਤਿਉਹਾਰ ਸ਼ਿਵਰਾਤਰੀ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਕਿਲਾ ਚੌਕ ਨੂੰ ਜਾਂਦੀ ਰੋਡ ‘ਤੇ ਲੱਗੀ ਸਟੇਜ ‘ਤੇ ਸ਼ਰੇਆਮ ਸ਼ਰਾਬ ਵੰਡਣ ਦੀ ਵੀਡੀਓ ਵਾਇਰਲ ਹੋ ਗਈ। ਇਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਇਸ ਮਾਮਲੇ ਵਿਚ ਹਿੰਦੂ ਨੇਤਾ ਆਸ਼ੂਤੋਸ਼ ਗੌਤਮ ਦੀ ਸ਼ਿਕਾਇਤ ‘ਤੇ ਅੱਧੀ ਦਰਜਨ ਵਿਅਕਤੀਆਂ ਖਿਲਾਫ 295-ਏ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਾਜ਼ਮਾਂ ਵਿਚ ਸੋਮਨਾਥ ਟੰਡਨ, ਬੰਦਿਸ਼ ਗਰੋਵਰ ਉਰਫ ਲੱਕੀ ਅਤੇ ਮਿੰਟਾ ਤੋਂ ਇਲਾਵਾ 3-4 ਅਣਪਛਾਤੇ ਵਿਅਕਤੀ ਸ਼ਾਮਲ ਹਨ।  ਵਾਇਰਲ ਹੋਈ ਵੀਡੀਓ ਦੀ ਚਾਰੇ ਪਾਸਿਓਂ ਆਗੂਆਂ ਵੱਲੋਂ ਨਿੰਦਾ ਕੀਤੀ ਗਈ। ਵੀਡੀਓ ਵਿਚ ਸਾਹਮਣੇ ਆਇਆ ਕਿ ਸ਼ਿਵਰਾਤਰੀ ਮੌਕੇ ਸਜਾਈ ਸ਼ੋਭਾ ਯਾਤਰਾ ਦੇ ਸਨਮਾਨ ਵਿਚ ਸਟੇਜ ਲਾਈ ਹੋਈ ਹੈ।

ਇਸ ‘ਤੇ ਭਗਵਾਨ ਸ਼ੰਕਰ ਦੀ ਇਕ ਵੱਡੀ ਪ੍ਰਤਿਮਾ ਲਾਈ ਹੋਈ ਹੈ, ਉਸ ਦੇ ਅੱਗੇ ਕੁਝ ਨੌਜਵਾਨ ਸ਼ਰੇਆਮ ਟੇਬਲ ‘ਤੇ ਬੋਤਲਾਂ ਸਜਾ ਕੇ ਸ਼ਰਾਬ ਵੰਡ ਰਹੇ ਹਨ। ਇਥੋਂ ਤੱਕ ਕਿ ਇਕ ਨੌਜਵਾਨ ਸਟੇਜ ‘ਤੇ ਚੜ੍ਹ ਕੇ ਸ਼ਰਾਬ ਦੀ ਬੋਤਲ ਨਾਲ ਡਾਂਸ ਵੀ ਕਰ ਰਿਹਾ ਹੈ। ਇਸ ਨੂੰ ਲੈ ਕੇ ਰਾਤ ਇਕਦਮ ਮਾਹੌਲ ਖਰਾਬ ਹੋ ਗਿਆ। ਹਿੰਦੂ ਨੇਤਾ ਆਸ਼ੂਤੋਸ਼ ਗੌਤਮ ਅਤੇ ਕੁਝ ਹੋਰ ਵਿਅਕਤੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਜਾ ਕੇ ਇਹ ਸਾਰਾ ਕੁਝ ਬੰਦ ਕਰਵਾਇਆ। ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।   ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਵਿਅਕਤੀਆਂ ਨੇ ਪੁਲਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਸ਼ੋਭਾ ਯਾਤਰਾ ਦੌਰਾਨ ਚੱਪੇ-ਚੱਪੇ ‘ਤੇ ਪੁਲਸ ਤਾਇਨਾਤ ਹੋਣ ਦੇ ਬਾਵਜੂਦ ਇਸ ਤਰ੍ਹਾਂ ਸ਼ਰੇਆਮ ਸ਼ਰਾਬ ਕਿਵੇਂ ਵਰਤਾਈ ਜਾ ਸਕਦੀ ਹੈ।