ਖਜ਼ਾਨਾ ਖਾਲੀ ਦਾ ਡਰਾਮਾ ਰਚ ਕੇ ਪੰਜਾਬੀਆਂ ਦੇ ਮੂੰਹੋਂ ਖੋਹ ਰਹੀ ਹੈ ਨਿਵਾਲਾ ਕੈਪਟਨ ਸਰਕਾਰ

ਮੁੱਲਾਂਪੁਰ ਦਾਖਾ – ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਛਿੱਕੇ ਟੰਗਦਿਆਂ ਸੂਬੇ ਦੇ ਲੋਕਾਂ ਨਾਲ ਧ੍ਰੋਹ ਹੀ ਨਹੀਂ ਕਮਾਇਆ, ਸਗੋਂ ਖਾਲੀ ਖਜ਼ਾਨੇ ਦਾ ਡਰਾਮਾ ਰਚ ਕੇ ਉਨ੍ਹਾਂ ਦੇ ਮੂੰਹੋਂ ਨਿਵਾਲਾ ਵੀ ਖੋਹ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਨਾਜ ਮੰਡੀ ਮੁੱਲਾਂਪੁਰ ਵਿਖੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਰੱਖੀ ਗਈ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਕਾਰਨ 11 ਮਹੀਨਿਆਂ ਅੰਦਰ 467 ਕਰਜ਼ਾਈ ਕਿਸਾਨਾਂ ਨੇ ਨਾਮੋਸ਼ੀ ਦੇ ਆਲਮ ‘ਚ ਖੁਦਕੁਸ਼ੀਆਂ ਕੀਤੀਆਂ ਹਨ। ਸ. ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਲੋਕਾਂ ਦੇ ਘਰਾਂ ‘ਚ ਸਹੂਲਤਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ 2200 ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਕੈਪਟਨ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਇਨ੍ਹਾਂ ਕੇਂਦਰਾਂ ਨੂੰ ਆਪਣੇ ਘਰਾਂ ‘ਚ ਖੋਲ੍ਹ ਕੇ ਜਨਤਾ ਦੀ ਅੰਨ੍ਹੀ ਲੁੱਟ ਦਾ ਸ਼ਿਕਾਰ ਬਣਾ ਦਿੱਤਾ, ਉਥੇ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਾਂ, ਸ਼ਗਨ ਸਕੀਮ, ਆਟਾ-ਦਾਲ ਸਕੀਮ, ਗਰੀਬ ਲੋਕਾਂ ਨੂੰ ਫ੍ਰੀ ਯੂਨਿਟਾਂ ਅਤੇ ਥਰਮਲ ਪਲਾਟਾਂ ਨੂੰ ਬੰਦ ਕਰਨ, ਸਕੂਲਾਂ ਨੂੰ ਬੰਦ ਕਰਨ ਦਾ ਤਾਨਾਸ਼ਾਹੀ ਰਵੱਈਆ ਕੈਪਟਨ ਸਰਕਾਰ ਨੇ ਅਖਤਿਆਰ ਕੀਤਾ ਹੈ, ਜਿਸ ਦਾ ਜਵਾਬ ਸੂਬੇ ਦੇ ਲੋਕ 2019 ਨੂੰ ਲੋਕਾਂ ਸਭਾ ਚੋਣਾਂ ਵਿਚ ਦੇ ਦੇਣਗੇ।
ਉਨ੍ਹਾਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਜੇ ਅਨਾੜੀ ਬੰਦੇ ਨੂੰ ਗੱਡੀ ਫੜਾ ਦਿਓਗੇ ਤਾਂ ਉਹ ਕਦੇ ਸਿਰੇ ਨਹੀਂ ਲੱਗਦੀ। ਸ. ਬਾਦਲ ਨੇ ਮਨਪ੍ਰੀਤ ਇਆਲੀ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਲੀਡਰ ਹੋਵੇ ਤਾਂ ਸ. ਇਆਲੀ ਵਰਗਾ, ਜਿਸ ਨੂੰ ਲੋਕਾਂ ਦੀ ਸੇਵਾ ਕਰਨ ਦਾ ਸ਼ੌਕ ਹੋਵੇ। ਸ. ਬਾਦਲ ਨੇ ਇਸ ਮੌਕੇ ਐਲਾਨ ਕਰਦਿਆਂ ਕਿਹਾ ਕਿ ਕੈਪਟਨ ਨੇ ਭਾਵੇਂ ਵਰਲਡ ਕਬੱਡੀ ਕੱਪ ਬੰਦ ਕਰ ਕੇ ਖਿਡਾਰੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਪਰ ਅਸੀਂ ਆਪਣੇ ਬਲਬੂਤੇ ‘ਤੇ ਕਬੱਡੀ ਵਰਲਡ ਕੱਪ ਕਰਵਾ ਕੇ ਖਿਡਾਰੀਆਂ ਦਾ ਮਨੋਬਲ ਵਧਾਵਾਂਗੇ।
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸੀਂ ਸੂਬੇ ਵਿਚ ਕਿਸੇ ਵੀ ਕਿਸਾਨ ਦੀ ਮੋਟਰ ‘ਤੇ ਬਿਜਲੀ ਦਾ ਮੀਟਰ ਨਹੀਂ ਲੱਗਣ ਦੇਵਾਂਗੇ। ਜਿੱਥੇ ਵੀ ਬਿਜਲੀ ਬੋਰਡ ਧੱਕੇਸ਼ਾਹੀ ਕਰੇਗਾ ਉਸ ਦੇ ਵਿਰੋਧ ‘ਚ ਅਕਾਲੀ ਦਲ ਮੋਰਚਾ ਲਾਵੇਗਾ। ਮਨਪ੍ਰੀਤ ਸਿੰਘ ਇਆਲੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਆਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਉਹ ਆਪਣੇ ਹਲਕੇ ‘ਚ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਹਲਕੇ ਦੇ ਲੋਕਾਂ ਨਾਲ ਦੁੱਖ-ਸੁੱਖ ਦੇ ਭਾਈਵਾਲ ਬਣ ਕੇ ਸੇਵਾ ਕਰਦੇ ਰਹਿਣਗੇ।